ਲੜਕੀ ਦੇ ਵਿਆਹ ਵਿਚੋਂ ਅਲੋਪ ਹੋ ਗਈ ਕਾਵਿ – ਰੂਪੀ ਸਿੱਖਿਆ

Share on

ਸਿੱਖਿਆ ਦੇ ਅਰਥ ਹਨ ਕਿਸੇ ਨੂੰ ਉਪਦੇਸ਼ ਦੇਣਾ, ਚੰਗੀ ਮੱਤ ਦੇਣੀ ਜਿਸ ਨਾਲ ਜੀਵਨ ਢੰਗ ਉੱਚਾ ਹੋ ਸਕੇ ,ਸਲੀਕੇ ਨਾਲ ਜੀਵਨ ਬਤੀਤ ਹੋਵੇ।ਸਾਹਿਤ ਦੇ ਖੇਤਰ ਵਿੱਚ ਵੀ ਸਿੱਖਿਆ ਦਾ ਇੱਕ ਕਾਵਿ- ਰੂਪ ਹੈ ਜੋ ਵਿਆਹ ਵਾਲੀ ਲੜਕੀ ਲਈ ਵਿਸ਼ੇਸ਼ ਤੌਰ ਤੇ ਲਿਖੀ ਜਾਂਦੀ ਸੀ। ਅੱਜ ਕੱਲ੍ਹ ਇਹ ਕਾਵਿ-ਰੂਪ ਅਲੋਪ ਹੀ ਹੋ ਗਿਆ ।ਇਹ ਕਾਵਿ-ਰੂਪਰਚਨਾ ਲੜਕੀ ਦੇ ਵਿਆਹ ਮੌਕੇ ਲਾਵਾਂ ਫੇਰਿਆਂ ਤੋਂ ਬਾਅਦ ਪੜਿਆ/ਗਾਇਨ ਕੀਤਾ ਜਾਂਦਾ ਸੀ।ਦੋਵੇਂ ਧਿਰਾਂ ਲੜਕੀ ਤੇ ਲੜਕੇ ਵਾਲੇ ਬਹੁਤ ਧਿਆਨ ਤੇ ਸ਼ਰਧਾ ਨਾਲ ਇਸ ਨੂੰ ਸੁਣਦੇ ਸਨ।ਇਹ ਕਾਵਿ ਰਚਨਾ ਪੂਰਨ ਤੌਰ ਤੇ ਵਿਆਹ ਵਾਲੀ ਲੜਕੀ ਨੂੰ ਸੰਬੋਧਿਤ ਹੁੰਦੀ ਸੀ।


ਜਦੋਂ ਪਾਠੀ ਸਿੰਘ ਲਾਵਾਂ ਦਾ ਪਾਠ ਸੰਪੂਰਨ ਕਰ ਲੈਂਦਾ ਤਾਂ ਇਹ ਕਾਵਿ ਰੂਪੀ ਸਿੱਖਿਆ ਪੜੀ ਜਾਂਦੀ ਸੀ। ਇਹ ਸਿੱਖਿਆ ਕਈ ਵਾਰ ਲੜਕੀ ਦਾ ਭਰਾ,ਭੈਣ ਜਾਂ ਪਾਠੀ ਸਿੰਘ ਵੀ ਪੜ੍ਹ ਦਿੰਦਾ ਸੀ।ਇਸ ਕਾਵਿ ਰੂਪੀ ਸਿੱਖਿਆ ਰਾਹੀਂ ਧੀ ਦੇ ਮਾਪਿਆਂ ਵੱਲੋਂ ਇਹ ਬੇਨਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਉਹਨਾਂ ਕੋਲ
ਆਪਣੀ ਲਾਡੋ ਨੂੰ ਦੇਣ ਲਈ ਸ਼ੁਭ ਵਿਚਾਰ, ਅਸੀਸਾਂ ਤੇ ਪਿਆਰ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ।ਉਹ ਇਸ ਸਿੱਖਿਆ ਰਾਹੀਂ ਆਖਦੇ ਕਿ ਭਾਵੇਂ ਉਹਨਾਂ ਨੇ ਆਪਣੀ ਧੀ ਪੁੱਤਾਂ ਤੋਂ ਵਧ ਕੇ ਪਾਲੀ ਹੈ ਪਰ ਫੇਰ ਵੀ ਉਹਨਾਂ ਦੀ ਧੀ ਕਿਸੇ ਹੋਰ ਦੀ ਅਮਾਨਤ ਹੈ।ਸਿੱਖਿਆ ਵਿੱਚ ਧੀ ਨੂੰ ਆਖਿਆ ਜਾਂਦਾ, ਸਮਝਾਇਆ ਜਾਂਦਾ ਕਿ ਅੱਜ ਤੋਂ ਤੇਰਾ ਅਸਲ ਘਰ ਤੇਰੇ ਪਤੀ ਦਾ ਘਰ ਹੈ।ਸੱਸ ਸਹੁਰਾ ਤੇਰੇ ਮਾਂ ਪਿਓ, ਜੇਠ ਵੱਡਾ ਭਰਾ, ਦਿਓਰ ਛੋਟਾ ਭਰਾ ਨਣਦਾਂ ਤੇਰੀਆਂ ਭੈਣਾਂ ਹਨ।ਤੇਰਾ ਪਤੀ ਤੇਰਾ ਭਗਵਾਨ ਹੈ। ਜਦੋਂ ਇਹ ਸਿੱਖਿਆ, ਭੈਣੇ, ਭੈਣੇ ਕਰਕੇ ਪੜੀ /ਗਾਈ ਜਾਂਦੀ ਤਾਂ ਉਥੇ ਬੈਠਿਆਂ ਵਿਚੋਂ ਬਹੁਤਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਤੇ ਕਈ ਗੋਡਿਆਂ ਚ ਮੂੰਹ ਦੇ ਕੇ ਹੁੱਬਕੀਂ ਹੁੱਬਕੀਂ ਰੋਣ ਵੀ ਲੱਗ ਜਾਂਦੇ:-
ਕਿਹਾ ਜਾਂਦਾ
ਸੱਸ ਸਹੁਰੇ ਦੀ ਸੇਵਾ ਦਾ ਧਿਆਨ ਰੱਖੀਂ
ਸਿਆਣੀ ਉਮਰ ਇਕ ਨਿਆਣੀ ਭੈਣੇ ।
ਪਤੀ ਆਪਣੇ ਨਾਲ ਨਰਮੀ ਦਾ ਸਲੂਕ ਕਰਨਾ,
ਗੁੱਸੇ ਗਿਲੇ ਹੁੰਦੇ ਨੇ ਘਰਾਂ ਚ ਲੱਖ ਭੈਣੇ ।
ਜੇਠਾਣੀ ਆਪਣੀ ਨਾਲ ਵੀ ਬਣਾ ਕੇ ਰੱਖੀਂ,
ਜਿਵੇਂ ਹੁੰਦੀ ਆ ਤੇਰੀ ਵੱਡੀ ਭੈਣ-ਭੈਣੇ।
ਤੇ ਬਾਬਲ ਦੀ ਹੂਕ ਹੁੰਦੀ
ਮੇਰੀ ਲਾਡਲੀਏ ਮੇਰੀ ਨਾ ਪੇਸ਼ ਜਾਂਦੀ,
ਤੈਨੂੰ ਭੁੱਲ ਕੇ ਵੀ ਕਦੇ ਤੋਰਦਾ ਨਾ।
ਇਹ ਵਿਹਾਰ ਸੰਸਾਰ ਤੇ ਨਾ ਹੁੰਦਾ,
ਤੈਨੂੰ ਕਦੇ ਵੀ ਅੱਜ ਵਿਛੋੜਦਾ ਨਾ।
ਮੇਰੀ ਲਾਡਲੀਏ ਏ ਸਹੁਰੇ ਜਾ ਕੇ ਖਿਆਲ ਰੱਖੀਂ
ਵੱਡੀ ਚੀਜ ਸਭ ਤੋਂ ਇੱਜਤ ਧੀਏ।


ਗੱਲ ਕੀ ਸਿੱਖਿਆ ਰਾਹੀਂ ਕੁੜੀ ਨਾਲ ਹਰ ਰਿਸ਼ਤਾ ਜਿੱਥੇ ਆਪਣੇ ਭਾਵਾਂ ਨੂੰ ਪਰਗਟ
ਕਰਦਾ ਸੀ।ਉਥੇ ਉਸ ਤੋਂ ਦੂਰ ਹੋਣ ਦਾ ਦੁੱਖ ਵੀ ਦਰਸਾਇਆ ਜਾਂਦਾ ਸੀ। ਜਿਸ ਨੂੰ ਸੁਣ ਕੇ ਦਿਲ ਵਿੱਚ ਹੌਲ ਪੈਂਦੇ ਤੇ ਸਾਰੇ ਉਥੇ ਬੈਠੇ ਭਾਵੁਕ ਹੋ ਜਾਂਦੇ ।
ਮਾਂ ਦੀ ਮਮਤਾ
ਮਾਂ ਤੇਰੀ ਦੀਆਂ ਦੋ ਅੱਖੀਆਂ
ਇਕ ਖੁਸ਼ਕ ਤੇ ਇਕ ਘਬਰਾਈ ਹੋਈ ਆ।
ਇਕ ਅੱਖ ਆਖੇ ਸਿਰ ਤੋਂ ਬੋਝ ਲੱਥਾ,
ਦੂਜੀ ਆਖਦੀ ਧੀ ਪਰਾਈ ਹੋਈ ਆ।
ਸਿੱਖਿਆ ਵਿੱਚ ਲੜਕੀ ਨੂੰ ਪ੍ਰੇਰਨਾ ਵੀ ਦਿੱਤੀ ਜਾਂਦੀ ਕਿ ਆਹ ਵੇਲਾ ਪਰਿਵਾਰ ਤੋਂ ਵਿਛੜਨ ਦਾ ਹੈ ਤੂੰ ਆਪਣਾ ਜੇਰਾ ਵੱਡਾ ਕਰਕੇ ਇਹ ਵਿਛੋੜਾ ਝੱਲ ,ਸਹੁਰੇ ਘਰ ਜਾ ਕੇ ਚੰਗੇ ਗੁਣ ਅਪਣਾ ਕੇ ਸਾਰੇ ਪਰਿਵਾਰ ਦਾ ਸਤਿਕਾਰ ਕਰਕੇ ਇਕ ਨਵੇਂ ਪਰਿਵਾਰ ਦੀ ਸਿਰਜਣਾ ਕਰ। ਮਾਂ ਵੱਲੋਂ ਹਮੇਸ਼ਾਂ ਇਹ ਦੁਆ ਹੁੰਦੀ ਆ ਕਿ ਧੀ ਦੇ ਘਰੋਂ ਹਮੇਸ਼ਾਂ ਠੰਢੀ ਹਵਾ ਆਵੇ। ਉਹ ਆਪਣੇ ਮੋਹ ਦੀਆਂ ਤੰਦਾਂ ਰੋ ਰੋ ਕਾ ਇਸ ਤਰ੍ਹਾਂ ਬਿਆਨ ਕਰਦੀ ਹੈ:-
ਮਾਂ ਵੇਖ ਡੋਲੀ ਡੋਲ ਗਈ,
ਤੇਰਾ ਬਾਬਲ ਕਿਵੇਂ ਝੱਲੂ ਜੁਦਾਈਆਂ ਧੀਏ ।
ਤੁਸੀਂ ਧੀਆਂ ਘਰਾਂ ਦੀਆਂ ਰੌਣਕਾਂ ਧੀਏ,
ਪਰ ਹੋ ਜਾਂਦੀਆਂ ਅੰਤ ਪਰਾਈਆਂ ਧੀਏ ।
ਹਾਏ ਰਸਮ ਦੀਆਂ ਬੱਧੀਆਂ ਤੁਰ ਜਾਂਦੀਆਂ,
ਹੁਣ ਕਿਹੜਾ ਮੋੜ ਲਿਆਵੇ।

** ਵੀਰ ਦੇ ਕਾਲਜੇ ਨੂੰ ਵੀ ਹੌਲ ਪੈਂਦੇ, ਭੈਣ ਦੇ ਵਿਛੜਨ ਦਾ ਦੁੱਖ ਹੁੰਦਾ ਤੇ ਵੀਰ ਆਖਦਾ:-
ਜਾਹ ਮੇਰੀਏ ਭੈਣੇ ਲਾਡਲੀਏ,
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ।
ਜਿਸ ਘਰ ਵਿੱਚ ਤੇਰਾ ਪੈਰ ਪਵੇ ,
ਉਥੇ ਦੁੱਖ ਕਦੇ ਨਾ ਆਵੇ।
ਤੈਨੂੰ ਸਹੁਰੇ ਘਰ ਐਨਾ ਪਿਆਰ ਮਿਲੇ,
ਤੂੰ ਭੁੱਲ ਜਾਵੇਂ ਪਿਆਰ, ਭਰਾਵਾਂ ਦਾ।
ਸਹੇਲੀਆਂ ਦੇ ਹਾਵ ਭਾਵ ਵੀ ਦਰਸਾਏ ਜਾਂਦੇ ਕਿ ਕੂੰਜਾਂ ਦੀ ਡਾਰ ਵਿਚੋਂ ਇਕ ਕੂੰਜ ਵਿਛੜਨ ਲੱਗੀ ਆ,ਤਿੰਰਝਣਾਂ ਵਿੱਚ ਤੇਰੀ ਯਾਦ ਸਤਾਵੇਗੀ।
ਸਿੱਖਿਆ ਦੇ ਅੰਤ ਵਿੱਚ ਸਿੱਖਿਆਕਾਰ ਆਪਣਾ ਨਾਮ ,ਤਖੱਲਸ ਦੱਸਦਾ ਹੋਇਆ ਪੰਡਾਲ ਵਿੱਚ ਹਾਜਰ ਸਭ ਵਿਅਕਤੀਆਂ ਵੱਲੋਂ ਲੜਕੀ ਨੂੰ ਅਸੀਸਾਂ ਦਿੰਦਾ ਆਖਦਾ ਹੈ ,ਜੁੱਗ ਜੁੱਗ ਜੀਓ ਜਵਾਨੀਆਂ ਮਾਣੋ।
** ਅੰਤ ਵਿੱਚ ਏਹੋ ਅਸੀਸ ਸਾਡੀ
ਰੱਖੇ ਸਦਾ ਸੁਖੀ ਕਰਤਾਰ ਤੈਂਨੂੰ ।
ਫਰਜ ਆਪਣੇ ਨਾ ਧੀਏ ਮੂਲ ਭੁੱਲੀ,
ਸ਼ੋਭਾ ਦਿੰਦਾ ਰਹੇ ਸੰਸਾਰ ਤੈਂਨੂੰ ।
ਤੇ ਸਿੱਖਿਆ ਪੜਨ ਤੇ ਗਾਉਣ ਵਾਲੇ ਦਾ 5,5 ਜਾਂ 10,10ਰੁਪਏ ਦੇ ਕਾ ਮਾਣ ਕੀਤਾ ਜਾਂਦਾ ਸੀ ਪਰ ਅੱਜ ਕੱਲ੍ਹ ਇਹ ਕਾਵਿ ਰੂਪੀ ਸਿੱਖਿਆ ਇਕ ਤਰ੍ਹਾਂ ਨਾਲ ਅਲੋਪ ਹੀ ਹੋ ਗਈ ਕਿਉਂਕਿ ਬੱਚੇ ਵੀ ਪੜੇ ਲਿਖੇ ਹਨ ਹੁਣ ਸ਼ਾਇਦ ਇਸ ਸਿੱਖਿਆ ਦੀ ਲੋੜ ਕਦੇ ਵੀ ਨਹੀਂ ਪੈਣੀ ।

ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top