ਉੱਠ,ਨੀ ਨੂੰਹੇ ਨਿਸੱਲ ਹੋ,ਚਰਖਾ ਛੱਡ ਤੇ ਚੱਕੀ ਝੋ

Share on

ਇਸ ਅਖਾਣ ਚ ਚਲਾਕੀ ਵਰਤੀ ਗਈ ਆ,ਥੋੜਾ ਬਹੁਤਾ ਨੂੰਹੇ ਅਰਾਮ ਕਰ ਲੈ ,ਹੁਣ ਚਰਖਾ ਕੱਤਣਾ ਛੱਡ ਦੇ ਚੱਕੀ ਝੋਣ ਲੱਗ ਜਾਹ। ਭਲਾਂ ਕੋਈ ਪੁੱਛੇ ਕਿ ਚੱਕੀ ਪੀਹਣਾ ਸੌਖਾ ਕੰਮ ਆ? ਨਹੀਂ ਜੀ ਬਹੁਤ ਔਖਾ, ਬਾਹਾਂ ਮੋਢਿਆਂ ਦਾ ਪੂਰਾ ਜੋਰ ਲਗਦਾ। ਚੱਕੀ ਝੋਣਾ ,ਚੱਕੀ ਪੀਹਣਾ – ਤੇ ਅੱਜ ਕੱਲ ਕਹਿੰਦੇ ਨੇ ਚੱਕੀ ਚਲਾਉਣਾ। ਮੇਰੇ ਘਰ ਛੋਟੀ ਚੱਕੀ ਆ, ਅਮੜੀ ਜਾਇਆ ਅਨੰਦਪੁਰ ਸਾਹਿਬ ਤੋਂ ਲਿਆਇਆ ਸੀ, ਬਹੁਤ ਸਾਂਭ ਕੇ ਰੱਖੀ ਆ ਮੈਂ, ਜਦੋਂ ਰਿਸ਼ਤੇਦਾਰ ਆਉਂਦੇ ਨਾਲ ਬੱਚੇ ਹੁੰਦੇ ਨੇ ਉਹ ਚੱਕੀ ਪਈ ਵੇਖ ਕੇ ਕਹਿਣਗੇ ਇਹ ਕੀ ਆ? ਕਿਵੇਂ ਚੱਲਦੀ ਆ? ਕੇਹਾ ਸਮਾਂ ਸੀ ਜਦੋਂ ਸਾਡੀਆਂ ਬੀਬੀਆਂ ਚੱਕੀ ਪੀਂਹਦੀਆਂ ਸਨ। ਉਹ ਚੱਕੀ ਤੇ ਆਟਾ, ਛੋਲੇ, ਦਲੀਆ ਤੇ ਮਸਾਲੇ ਆਦਿ ਘਰੇ ਚੱਕੀ ਤੇ ਪੀਂਹਦੀਆਂ ਸਨ।

ਮੈਂ ਆਪਣੀ ਸੋਝੀ ਚ ਆਪਣੀ ਮਾਂ ਨੂੰ ਲਾਲ ਮਿਰਚਾਂ ਵੀ ਪੀਂਹਦੇ ਵੇਖਿਆ ਨਾਲੇ ਮਾਂ ਨੂੰ ਛਿੱਕਾਂ ਆਈ ਜਾਣੀਆਂ ਨਾਲੇ ਉਹਨੇ ਮਿਰਚਾਂ ਪੀਹਣੀਆਂ, ਮੈਨੂੰ ਯਾਦ ਆ ਮਿਰਚਾਂ ਤੋਂ ਬਾਅਦ ਅਕਸਰ ਮਾਂ ਨੇ ਲੂਣ ਪੀਹਣਾ। ਉਦੋਂ ਨੂਣ( ਲੂਣ) ਡਲੀਆਂ ਵਾਲਾ ਹੁੰਦਾ ਸੀ।ਮਾਤਾ ਉਹਨਾਂ ਨੇ ਸਬਜੀ ਵਾਲੀਆਂ ਵੜੀਆਂ ਦੇ ਮਸਾਲੇ ,ਗਰਮ ਮਸਾਲਾ ਵੀ ਚੱਕੀ ਨਾਲ ਪੀਹਣਾ,ਇਹ ਕੁੱਝ ਪੀਹਣ।ਤੋਂ ਬਾਅਦ ਉਹ ਚੱਕੀ ਨੂੰ ਬਹੁਤ ਚੰਗੀ ਤਰਾਂ ਸਾਫ ਕਰਦੀਆਂ ਸੀ ਕਿਉਂਕਿ ਸੂਣ ਵਾਲੀ ਮੱਝ ਗਾਂ ਵਾਸਤੇ ਭੁੱਜੀ ਕਣਕ ਦਾ ਦਲੀਆ ਜੋ ਦਲਣਾ ਹੁੰਦਾ ਸੀ। ਚੱਕੀ ਵਿੱਚ ,ਹੱਥੀ ,ਗੁੱਲੀ ,ਮੰਨਵੀ ਤੇ ਪੁੜ ਦਾ ਹੋਣਾ ਬਹੁਤ ਜਰੂਰੀ ਸੀ ,ਪੁੜ ਬਹੁਤ ਭਾਰਾ ਹੁੰਦਾ ,ਚੱਕਿਆ ਚੱਕ ਨਹੀਂ ਸੀ ਹੁੰਦਾ ।

ਪੁੜ ਜਦੋਂ ਘਸ ਜਾਂਦਾ ਸੀ ਕਰਾਹੁਣਾ ਪੈਂਦਾ ਸੀ ,ਭਾਵ ਥੱਲੇ ਟੱਕ ਮਾਰਨੇ ਪੈਂਦੇ ਸੀ ,ਨਹੀਂ ਜੇ ਪੁੜ ਥੱਲਿਓਂ ਸਾਫ ਹੋਵੇ ਬਰੀਕ ਨਹੀਂ ਸੀ ਪੀਹ ਹੁੰਦਾ।ਸਾਡੀ ਮਾਂ ਚੱਕੀ ਨੂੰ ਪੂਰੀ ਜਿੰਦ ਜਾਨ ਰੱਖਦੀ ,ਪਾਡੂੰ ਫੇਰਦੀ ,ਮਿੱਟੀ ਪੈਣ ਤੋਂ ਢਕ ਸੁਆਰ ਕੇ ਰੱਖਦੀ।ਆਂਢ ਗੁਆਂਢ ਦੀ ਬੀਬੀਆਂ ਵੀ ਸਾਡੇ ਘਰੇ ਦਾਲ ,ਦਲੀਆ ਵਗੈਰਾ ਪੀਹ ਕੇ ਲਿਜਾਂਦੀਆਂ,ਚੰਗਾ ਲਗਦਾ ਸੀ ਇਹ ਸਭ ਕੁੱਝ ,ਉਦੋਂ ਅਪਣੱਤ ਸੀ ,ਭਾਈਚਾਰੇ ਚ ਪਿਆਰ ਸੀ ਪਰ ਉਹ ਸਮਾਂ ਨਹੀਂ ਰਿਹਾ, ਸਭ ਕੁੱਝ ਬਦਲ ਗਿਆ ਹੁਣ ਚੱਕੀ ਦੀ ਥਾਂ ਮਿਕਸੀਆਂ ,ਗਰਾਂਈਡਰ ਬਹੁਤ ਕੁੱਝ ਆ ਗਿਆ ਭਾਈ ।ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ, ਹੁਣ ਚੱਕੀ ਹਵੇਲੀ ਚ ਵੇਖਣ ਨੂੰ ਮਿਲਦੀ ਆ,ਤਰਾਸਦੀ ਆ ਅਸੀਂ ਇਹਨਾਂ ਵਸਤਾਂ ਨੂੰ ਕਿਉਂ ਵਿਸਾਰ ਰਹੇ ਹਾਂ

© ਜਤਿੰਦਰ ਕੌਰ ਬੁਆਲ ਸਮਰਾਲਾ

pr-admin

One thought on “ਉੱਠ,ਨੀ ਨੂੰਹੇ ਨਿਸੱਲ ਹੋ,ਚਰਖਾ ਛੱਡ ਤੇ ਚੱਕੀ ਝੋ

  1. ਬਹੁਤ ਹੀ ਸੋਹਣੀ ਕਲਮ ਤੋਂ ਬਹੁਤ ਹੀ ਸੋਹਣਾ ਲਿੱਖਿਆ ਏ ਭੈਣ ਜੀ

Leave a Reply

Your email address will not be published. Required fields are marked *

Back to top