ਚੁੱਲ੍ਹਾ-ਚੌਂਕਾ

Share on

ਚੌਂਕਾ ਸ਼ਬਦ ਚੌਂਕ ਤੋ ਬਣਿਆ ਹੈ।ਪਹਿਲੇ ਸਮਿਆਂ ਚ ਧਾਰਮਿਕ ਕੰਮ ਕਰਨ ਵੇਲੇ ਚੌਂਕ ਪੂਰ ਕੇ ਸ਼ਗਨ ਕੀਤੇ ਜਾਂਦੇ ਸਨ। ਜਿਥੇ ਚੌਂਕ ਪੂਰਨਾ ਹੁੰਦਾ ਸੀ ਉਸ ਥਾਂ ਨੂੰ ਮਿੱਟੀ, ਪਾਂਡੂ ਦਾ ਪੋਚਾ ਮਾਰ ਕੇ ਸੁੱਚਾ ਕੀਤਾ ਜਾਂਦਾ ਸੀ ।ਚੌਂਕ ਦਾ ਮਤਲਬ ਚੌਰਸ ਵੀ ਲਿਆ ਜਾਂਦਾ ਹੈ ਆਪਾਂ ਗੱਲ ਕਰਦੇ ਹਾਂ * ਚੁੱਲ੍ਹੇ-ਚੌਂਕੇ* ਦੀ। ਬਹੁਤ ਮਹਾਨਤਾ ਸੀ ਪਹਿਲਾਂ ਪਿੰਡਾਂ ਚ ਚੁੱਲ੍ਹੇ-ਚੌਂਕੇ ਦੀ,ਘਰ ਦੇ ਇਕ ਪਾਸੇ ਓਟਾ ਕਰਕੇ ਚੁੱਲ੍ਹਾ- ਚੌਂਕਾ ਬਣਾਇਆ ਜਾਂਦਾ ਸੀ।ਉਹਦੇ ਚ ਇਕ ਵੱਡੀ ਚੁਰ,ਦੋ ਚੁੱਲ੍ਹੇ, ਇਕ ਹਾਰਾ ਦਾਲ ਧਰਨ ਵਾਲਾ ਤੇ ਦੂਜਾ ਕਾੜਨੀ ਚ ਦੁੱਧ ਧਰਨ ਵਾਲਾ ਬਣਾਇਆ ਜਾਂਦਾ ਸੀ। ਇਕ ਪਾਸੇ ਬਾਲਣ ਲਈ ਥਾਂ ਰੱਖਣੀ ਹੁੰਦੀ ਸੀ।

ਇਹ ਸਭ ਸਾਡੀਆਂ ਬੀਬੀਆਂ ਮਿੱਟੀ ਦੇ ਬਣਾਉਂਦੀਆਂ ਸੀ। ਵਿਹੜੇ ਵਿੱਚ ਕਿਤੇ ਖੂੰਜੇ ਤੂੜੀ ਮਿੱਟੀ ਨਾਲ ਬਣਾਉਣਾ ਸ਼ੁਰੂ ਕਰਦੀਆਂ, ਰੋਜ ਇਕ ਵਾਰ ਦੇ ਦਿੰਦੀਆਂ, ਹੌਲੀ ਹੌਲੀ ਉਹ ਸੁੱਕਦਾ ,ਪੱਕਦਾ ਫੇਰ ਚੌਂਕੇ ਚ ਜੜਦੀਆਂ ਤੇ ਪੀਲੀ ਮਿੱਟੀ ਤੇ ਪਾਂਡੂ ਫੇਰ ਕੇ ਸਜਾ ਲੈਂਦੀਆਂ । ਪੂਰੀ ਰੀਝ ਲਾ ਦਿੰਦੀਆਂ ਸਨ।ਕਈ ਘਰਾਂ ਚ ਤੰਦੂਰ ਬਣੇ ਵੀ ਮੈਂ ਵੇਖੇ ਨੇ।ਇਹਨਾਂ ਤੋਂ ਇਲਾਵਾ ਚੌਂਕੇ ਚ ਭਾਂਡੇ ਰੱਖਣ ਨੂੰ ਰਖਨੇ ,ਖਾਨੇ ,ਤੂੜੀ ਮਿੱਟੀ ਚ ਕਾਨੇ ਆਦਿ ਪਾ ਕੇ ਬਣਾਏ ਜਾਂਦੇ ਸੀ ਇਕ ਤਰ੍ਹਾਂ ਨਾਲ ਉਹ ਖੁੱਲੀ ਅਲਮਾਰੀ ਹੁੰਦੀ ਸੀ ਉਹਨੂੰ ਪੀੜਾ ਵੀ ਆਖਦੇ ਸੀ।ਸਾਡੇ ਪਿੰਡ ਘਰ ਸੀ ਬਾਬਾ ਕਾਹਨ ਸਿੰਘ ਦਾ ਉਹਨਾਂ ਦੇ ਘਰ ਇਹ ਰੱਖਨੇ ਬੜੇ ਸੋਹਣੇ ਬਣਾਏ ਹੁੰਦੇ ਸੀ ਕਮਾਲ ਦੀ ਕਾਰਾਗਰੀ ਮੈਂ ਜਦ ਵੀ ਉਹਨਾਂ ਦੇ ਘਰ ਜਾਣਾ ਵੇਖੀ ਜਾਣਾ ਖੜ ਖੜ ਕੇ ਬਹੁਤ ਸੋਹਣੇ ਲਗਦੇ ਸੀ।ਸਾਡੀਆਂ ਬੀਬੀਆਂ ਚੁੱਲੇ-ਚੌਂਕੇ ਨੂੰ ਵੀ ਸ਼ਿੰਗਾਰ ਕੇ ਰੱਖਦੀਆਂ ਸੀ ਭਾਵ ਪੂਰਾ ਲਿੱਪ ਪੋਚ ਕੇ,ਪਾਂਡੂ ਫੇਰ ਕੇ।

ਉਦੋਂ ਸਾਂਝੇ ਪਰਿਵਾਰ ਸਨ ਵੱਡੀ ਚੁਰ ਤੇ ਰੋਟੀਆਂ ਪੱਕਣੀਆਂ।ਚੁੱਲ੍ਹਿਆਂ ਤੇ ਸਬਜੀ, ਪਾਣੀ ਤੇ ਦੁੱਧ ਆਦਿ ਗਰਮ ਕੀਤਾ ਜਾਂਦਾ ਸੀ।ਦਾਲ ਜਿਆਦਾਤਰ ਹਾਰੇ ਵਿੱਚ ਧਰੀ ਜਾਂਦੀ ਸੀ।ਹਾਰੇ ਰਿੱਝਦੀਆਂ ਦਾਲਾਂ ਦੀਆਂ ਖੁਸ਼ਬੋਆਂ,ਮਹਿਕਾਂ ਦੂਰੋਂ ਈ ਆਉਂਦੀਆਂ ਸਨ ਤੇ ਹਾਰੇ ਦੀ ਦਾਲ ਦਾ ਸਵਾਦ ਈ ਵੱਖਰਾ ਹੁੰਦਾ ਸੀ।ਦੂਜੇ ਹਾਰੇ ਵਿੱਚ ਪਾਥੀਆਂ ਤੇ ਅੱਗ ਪਾ ਕੇ ਕਾੜਨੀ ਚ ਦੁੱਧ ਕੜਨ ਲਈ ਰੱਖਿਆ ਜਾਂਦਾ ਸੀ।ਕਾੜਨੀ ਦੇ ਦੁੱਧ ਦਾ ਵੀ ਸੁਆਦ ਵੱਖਰਾ ਈ ਹੁੰਦਾ ਸੀ।5 ਕੁ ਵਜੇ ਨਾਲ ਉਹਨੂੰ ਹਾਰੇ ਚੋਂ ਕੱਢਣਾ ਹੁੰਦਾ ਸੀ ਫੇਰ ਕੋਸੇ ਜਿਹੇ ਨੂੰ ਜਾਗ ਲਾਉਣਾ ਤੇ ਦੂਜੀ ਸਵੇਰੇ ਰਿੜਕਣਾ।

 

ਸਿਆਲਾਂ ਦੇ ਦਿਨਾਂ ਚ ਚੌਂਕੇ ਵਿੱਚ ਬਹਿ ਕੇ ਰੋਟੀ ਖਾਣ ਦਾ ਸੁਆਦ ਈ ਹੋਰ ਸੀ,ਚੁੱਲੇ ਚੋਂ ਅੱਗ ਕੱਢ ਕੇ ਸੇਕੀ ਜਾਣਾ ਨਾਲੇ ਦਾਲ,ਸਾਗ ਵਾਲੀ ਕੌਲੀ ਅੱਗ ਤੇ ਧਰ ਲੈਣੀ ਸਵਾਦ ਨਾਲ ਰੋਟੀ ਖਾਣੀ।ਸੱਚ ਜਾਣਿਓਂ ਜਿਹੜੀ ਮੱਕੀ ਦੀ ਰੋਟੀ ਅੱਗ ਤੇ ਰੜਦੀ ਆ ਉਹ ਗੈਸ ਤੇ ਨਹੀਂ ਰੜਦੀ ਜੀ।ਬੇਹੀ ਰੋਟੀ ਦੇ ਕੰਢੇ ਰਾੜ ਕੇ ਮੱਖਣ ,ਲੂਣ ਤੇ ਮਿਰਚ ਭੁੱਕ ਕੇ ਨਾਲ ਚਾਹ ਦਾ ਗਲਾਸ ਬਸ ਅਨੰਦ ਈ ਵੱਖਰਾ ਸੀ ਹੁਣ ਦੇ ਪੀਜੇ,ਬਰਗਰ ਸਭ ਫੇਲ। ਚੁੱਲ੍ਹੇ ਚੋਂ ਭੁੱਬਲ( ਗਰਮ ਸੁਆਹ) ਕੱਢ ਕੇ ਵਿੱਚ ਮੂੰਗਫਲੀ ਸਿੱਟ ਲੈਣੀ ,ਹੱਥ ਵੀ ਸਾੜਨੇ ਤੇ ਮੂੰਹ ਵੀ,ਬਹੁਤ ਪਿੱਛੇ ਰਹਿ ਗੀਆਂ ਇਹ ਗੱਲਾਂ ਭਾਈ ,ਬਹੁਤ ਕੁੱਝ ਬਦਲ ਗਿਆ ਤੇ ਬਦਲੇਗਾ ।

ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top