ਜਨਮ ਦਿਨ ਤੇ ਮੁਬਾਰਕ – ਗੁਰਸੇਵਕ ਮਾਨ

Share on

ਜਿੱਥੇ ਵੀ ਇਹ ਜਾਣ ਪੰਜਾਬੀ, ਨਵਾਂ ਪੰਜਾਬ ਵਸਾਉਂਦੇ ਨੇ
ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰਾਂ ਦਾ ਧਿਆਉਂਦੇ ਨੇ।

ਜਨਮ ਦਿਨ ਤੇ ਮੁਬਾਰਕ ਛੋਟੇ ਤੇ ਪਿਆਰੇ ਵੀਰ ਗੁਰਸੇਵਕ ਮਾਨ। ਸੱਚੀਂ ਤੁਸੀਂ ਇਹ ਸਿੱਧ ਕਰਕੇ ਵਿਖਾ ਦਿੱਤਾ ਕਿ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ। ਗੁਰਸੇਵਕ ਮਾਨ ਜੋ ਕਿ ਪੰਜਾਬੀਭਾਸ਼ਾ ਤੇ ਸੱਭਿਆਚਾਰ ਦੇ ਸਕੇ ਪੁੱਤ ਹਰਭਜਨ ਮਾਨ ਦਾ ਛੋਟਾ ਤੇ ਲਾਡਲਾ ਭਰਾ ਹੈ।ਦੋਨੋਂ ਭਰਾ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ ਸੰਸਾਰ ਭਰ ਚ ਇਹਨੇ ਨੇ ਸਾਫ ਸੁਥਰੀ ਮਿਆਰੀ ਤੇ ਇਖਲਾਕੀ ਗਾਇਕੀ ਨਾਲ ਆਪਣਾ ਲੋਹਾ ਮਨਵਾਇਆ ਹੈ।

** ਗੁਰਸੇਵਕ ਮਾਨ ਦਾ ਜਨਮ 14ਅਕਤੂਬਰ ਨੂੰ ਬਠਿੰਡਾ ਜਿਲੇ ਦੇ ਪਿੰਡ ਖੇਮੂਆਣੇ, ਸਤਿਕਾਰਤ ਮਾਤਾ ਦਲੀਪ ਕੌਰ ਪਿਤਾ ਸਰਦਾਰ ਹਰਨੇਕ ਸਿੰਘ ਮਾਨ ਦੇ ਘਰ ਹੋਇਆ। ਭਗਤਾ ਭਾਈ ਕਾ ਪਿੰਡ ਇਹਨਾਂ ਦਾ ਨਾਨਕਾ ਪਿੰਡ ਹੈ। ਇਹਨਾਂ ਦੇ ਛੋਟੇ ਮਾਮਾ ਜੀ ਸਰਦਾਰ ਨਛੱਤਰ ਸਿੰਘ ਸਿੱਧੂ ਜੀ ਵੀ ਇਕ ਸਤਿਕਾਰਤ ਸਖਸ਼ੀਅਤ ਤੇ ਸਮਾਜ ਸੇਵੀ ਹਨ। ਗੁਰਸੇਵਕ ਸੱਤ ਭੈਣ ਭਰਾਵਾਂ ਚੋਂ ਸਭ ਤੋਂ ਛੋਟਾ ਹੈ। ਜਦੋਂ ਗੁਰਸੇਵਕ ਅਜੇ ਮਸਾਂ 7 ਕੁ ਸਾਲ ਦਾ ਈ ਸੀ ਤਾਂ ਮਾਤਾ ਦਲੀਪ ਕੌਰ ਜੀ ਰੱਬ ਨੂੰ ਪਿਆਰੇ ਹੋ ਗਏ। ਮਾਤਾ ਦੀ ਮੌਤ ਤੋਂ ਬਾਅਦ ਪਿਤਾ ਹਰਨੇਕ ਸਿੰਘ ਨੇ ਮਾਂ ਤੇ ਪਿਓ ਦੋਹਾਂ ਦਾ ਪਿਆਰ ਦੇ ਕੇ ਇਹਨਾਂ ਦੀ ਪਰਵਰਿਸ਼ ਕੀਤੀ। ਗੁਰਸੇਵਕ ਨੇ ਆਪਣੇ ਵੱਡੇ ਵੀਰ ਹਰਭਜਨ ਮਾਨ ਨਾਲ ਗਾਇਕੀ ਦਾ ਸਫਰ ਕਵੀਸ਼ਰੀ ਤੋਂ ਸ਼ੁਰੂ ਕੀਤਾ। ਬਾਪ ਕਰਨੈਲ ਸਿੰਘ ਪਾਰਸ ਜੀ ਦੀ ਕਵੀਸ਼ਰੀ ਦਾ ਇਹਨਾਂ ਦੋਵਾਂ ਭਰਾਵਾਂ ਤੇ ਬਹੁਤ ਪ੍ਰਭਾਵ ਸੀ ਸੋ ਉਹਨਾਂ ਦੀ ਛਤਰ ਛਾਇਆ ਹੇਠ ਅੱਗੇ ਵੱਧਦੇ ਗਏ।1980 ਚ ਵੱਡੇ ਭੈਣ ਜੀ ਸੁਰਿੰਦਰ ਕੌਰ ਬੁੱਟਰ ਤੇ ਭਣੋਈਆ ਸਰਦਾਰ ਬਲਵਿੰਦਰ ਸਿੰਘ ਬੁੱਟਰ ਦੇ ਉਦਮ ਸਦਕਾ ਕਨੇਡਾ ਚਲੇ ਗਏ । ਉੱਥੇ ਜਾ ਕੇ ਪੜ੍ਹਾਈ ਵੀ ਕੀਤੀ ਤੇ ਗਾਉਣਾ ਵੀ ਜਾਰੀ ਰੱਖਿਆ। ਗੁਰਸੇਵਕ ਸਾਜ਼ ਬਹੁਤ ਵਧੀਆ ਵਜਾਉਂਦਾ, ਜਦੋਂ ਗੁਰਸੇਵਕ ਦੇ ਹੱਥ ਸਾਰੰਗੀ ਤੇ ਚੱਲਦੇ ਨੇ ਜਾਣੀ ਇੰਝ ਲਗਦਾ ਜਿਵੇਂ ਸਾਰੰਗੀ ਗੱਲਾਂ ਕਰਦੀ ਹੋਵੇ।ਕਨੇਡਾ ਜਾਣ ਲੱਗਿਆ ਉਹ ਸਾਰੰਗੀ ਨਾਲ ਲੈ ਕੇ ਗਿਆ ਤੇ ਅੱਜ ਤੱਕ ਉਹ ਸਾਰੰਗੀ ਗੁਰਸੇਵਕ ਨੇ ਸੰਭਾਲ ਕੇ ਰੱਖੀ ਹੋਈ ਆ।ਗੁਰਸੇਵਕ ਨੇ ਭਾਵੇਂ ਗਾਇਕੀ ਦੇ ਖੇਤਰ ਚ ਬਹੁਤ ਨਾਮਣਾ ਖੱਟਿਆ ਪਰ ਉਹਦੇ ਅੰਦਰ ਇਕ ਹੋਰ ਇੱਛਾ ਸੀ ਕਿ ਮੈਂ ਪਾਇਲਟ ਬਣਨਾ।


ਗੁਰਸੇਵਕ ਮਾਨ ਨੇ ਗਾਇਕੀ ਦੇ ਨਾਲ ਨਾਲ ਫਲਾਈਂਗ ਦੀ ਪੜ੍ਹਾਈ ਪੂਰੀ ਕੀਤੀ ਤੇ ਆਪਣੇ ਦ੍ਰਿੜ ਇਰਾਦੇ ਨਾਲ ਆਪਣੇ ਮੁਕਾਮ ਤੇ ਪਹੁੰਚਿਆ । ਉਹਨੇ ਸਪਾਈਸ ਜੈੱਟ, ਜੈੱਟ ਏਅਰਵੇਜ਼ ਬਤੌਰ ਪਾਇਲਟ ਸਰਵਿਸ ਕੀਤੀ ਤੇ ਅੱਜਕਲ੍ਹ ਉਹ ਏਅਰ ਕੈਨੇਡਾ ਚ ਬਤੌਰ ਕੈਪਟਨ ਸੇਵਾ ਨਿਭਾ ਰਿਹਾ। ਕਰੋਨਾ ਜਦੋਂ ਸਿਖਰਾਂ ਤੇ ਸੀ ਤਾਂ ਸਾਡੇ ਇਸ ਛੋਟਾ ਵੀਰ ਨੇ ਯੋਧਿਆਂ ਵਾਂਗ ਕਰੋਨਾ ਦੇ ਗੜ੍ਹ ਚੀਨ ਤੋਂ ,ਪੀ ਪੀ ਕਿਟਸ ਤੇ ਹੋਰ ਸਮਾਨ ਬਾਕੀ ਦੇਸ਼ਾਂ ਚ ਪਹੁੰਚਾਇਆ। ਗੁਰਸੇਵਕ ਆਪਣੇ ਵੱਡੇ ਵੀਰ ਹਰਭਜਨ ਮਾਨ ਦੇ ਸੁਭਾਅ ਮੁਤਲਕ ਮਜਾਕੀਆ ਸੁਭਾਅ ਵਾਲਾ।ਵੀਰ ਹਰਭਜਨ ਮਾਨ ਥੋੜੇ ਗੰਭੀਰ ਸੁਭਾਅ ਵਾਲੇ ਹਨ।ਦੋਹਾਂ ਭਰਾਵਾਂ ਦਾ ਆਪਸੀ ਬਹੁਤ ਪਿਆਰ ਆ,ਮੈਂ ਕਈ ਵਾਰ ਵੇਖਿਆ ਜਦੋਂ ਗੁਰਸੇਵਕ ਵੀਰ ਹਰਭਜਨ ਮਾਨ ਨਾਲ ਸਟੇਜ ਸਾਂਝੀ ਕਰਦਾ ਤਾਂ ਵੀਰ ਹਰਭਜਨ ਮਾਨ ਦੀਆਂ ਅੱਖਾਂ ਚ ਇਕ ਅਨੋਖੀ ਚਮਕ ਤੇ ਖੁਸ਼ੀ ਹੁੰਦੀ ਆ।ਆਸਟ੍ਰੇਲੀਆ ਇਹਨਾਂ ਦਾ ਸ਼ੋਅ ਸੀ ਮੈਂ ਲਾਈਵ ਵੇਖ ਰਹੀ ਸੀ ,ਦੋਹਾਂ ਭਰਾਵਾਂ ਨੇ ਪੰਥ ਤੇਰੇ ਦੀਆਂ ਗੂੰਜਾਂ ਵਾਲਾ ਪਰਸੰਗ ਸ਼ੁਰੂ ਕਰਨਾ ਸੀ ਦੋ ਇਹ ਦੋਵੇ ਹਮੇਸ਼ਾਂ ਸਿਰ ਢਕ ਕੇ ਗਾਉਂਦੇ ਹੁੰਦੇ ਨੇ ਉਦੋਂ ਗੁਰਸੇਵਕ ਦੇ ਸਿਰ ਵਾਲਾ ਪਰਨਾ ਢਿਲਕ ਗਿਆ ਤਾਂ ਵੱਡੇ ਵੀਰੇ ਹਰਭਜਨ ਮਾਨ ਨੇ ਉਦੋਂ ਈ ਛੋਟੇ ਵੀਰ ਦੇ ਸਿਰ ਤੇ ਪਰਨਾ ਬੰਨਿਆ ਤੇ ਮੈਨੂੰ ਇਹ ਦੋਹਾਂ ਭਰਾਵਾਂ ਦਾ ਪਿਆਰ ਐਨਾ ਚੰਗਾ ਲੱਗਿਆ ਮੈਂ ਮੋਬਾਈਲ ਨਾਲ ਸਕਰੀਨ ਤੋਂ ਫੋਟੋ ਖਿੱਚ ਲਈ ਜੋ ਅੱਜ ਵੀ ਮੇਰੇ ਮੋਬਾਈਲ ਚ ਹੈ।

ਹੁਣ ਵੀ ਜਦੋਂ ਵੀਰ ਹਰਭਜਨ ਵਿਦੇਸ਼ੀ ਟੂਰ ਤੇ ਜਾਂਦੇ ਨੇ ਤਾਂ ਗੁਰਸੇਵਕ ਪੂਰਾ ਸਾਥ ਦਿੰਦਾ ਗਲ ਕੀ ਦੋਵੇਂ ਭਰਾ ਜਾਨ ਵਾਰਦੇ ਨੇ ਇਕ ਦੂਜੇ ਤੋਂ। ਵੀਰ ਹਰਭਜਨ ਮਾਨ ਨੇ ਦੱਸਿਆ ਕਿ ਜਦੋਂ ਸੇਵਕ ਨੂੰ ਪਾਇਲਟ ਦਾ ਲਾਈਸੈਂਸ ਮਿਲਿਆ ਤਾਂ ਸਭ ਤੋਂ ਪਹਿਲੀ ਸਵਾਰੀ ਮੈਂ ਈ ਸੀ। ਵੀਰ ਹਰਭਜਨ ਮਾਨ ਦਾ ਗੁਰਸੇਵਕ ਨੂੰ ਪਿਆਰ ਨਾਲ ਸੇਵਕ ਕਹਿਣਾ ਵੀ ਮੈਨੂੰ ਬਹੁਤ ਚੰਗਾ ਲੱਗਦਾ।ਮੇਰੇ ਇਕ ਰਿਸ਼ਤੇਦਾਰ ਨੇ ਮੈਨੂੰ ਪੁੱਛਿਆ ਬਈ ਜਿਵੇਂ ਸੱਤਰੰਗੀ ਪੀਂਘ ਆ ,ਗੁਰਸੇਵਕ ਬਾਹਰਲੇ ਦੇਸ਼ਾਂ ਵਿੱਚ ਹਰਭਜਨ ਮਾਨ ਨਾਲ ਸਟੇਜ ਸ਼ੋਅ ਕਰਦਾ, ਉਹ ਕੈਪਟਨ ਵੀ ਆ ,ਉਹ ਰਿਆਜ ਕਦੋਂ ਕਰਦਾ ਤਾਂ ਮੇਰਾ ਉਤਰ ਸੀ ਬਾਪੂ ਪਾਰਸ ਦੇ ਚੰਡੇ ਹੋਏ ਨੇ।

ਗੁਰਸੇਵਕ ਮਾਨ ਗਾਇਕ ਤੇ ਕੈਪਟਨ ਬਾਅਦ ਵਿੱਚ ਆ ਪਹਿਲਾਂ ਉਹ ਮਾਂ, ਬਾਪ ਦਾ ਲਾਡਲਾ ਪੁੱਤ, ਭੈਣ ਭਰਾਵਾਂ ਦਾ ਛੋਟਾ ਤੇ ਪਿਆਰਾ ਵੀਰ ,ਇਕ ਚੰਗਾ ਪਤੀ ਤੇ ਸੰਸਾਰਕ ਪਿਤਾ ਹੈ। ਅੱਜ ਦੇ ਦਿਨ ਮੇਰੇ ਛੋਟੇ ਵੀਰ ਜਨਮ ਦਿਨ ਆ ।ਮੇਰੇ ਵੀਰ ਗੁਰੂ +ਸੇਵਕ ,ਗੁਰੂ ਦੇ ਸੇਵਕ ਇਸ ਮੁਬਾਰਕ ਦਿਨ ਤੇ ਦੁਆਵਾਂ ਭਰੀਆਂ ਮੁਬਾਰਕਾਂ ।ਗੁਰੂ ਤੈਂਨੂੰ ਲੋਕ ਗੀਤ ਤੋਂ ਵੀ ਵੱਧ ਲੰਮੀ ਬਖਸ਼ੇ।ਮੈਨੂੰ ਜਿੰਨਾ ਮਾਣ ਆਪਣੇ ਵੀਰ ਹਰਭਜਨ ਮਾਨ ਤੇ ਆ ਉਹਨਾਂ ਈ ਛੋਟੇ ਵੀਰ ਗੁਰਸੇਵਕ ਮਾਨ ਤੇ ਆ ਸੋ ਮੇਰੇ ਵੀਰ ਗੁਰੂ ਸਦਾ ਤੁਹਾਡੇ ਅੰਗ ਰਹੇ ਵੀਰ ।ਸਿਹਤ ਤੇ ਸਫਰ ਲਈ ਦੁਆਵਾਂ ।


** ਜਿਨਾਂ ਰਾਹਾਂ ਤੇ ਤੁਰਨ ਵੀਰ ਸਾਡੇ ਉਹਨਾਂ ਰਾਹਾਂ ਤੇ ਫੁੱਲ ਵਿਛਾਈਂ ਰੱਬਾ ।ਦੁੱਖ ਇਹਨਾਂ ਤੋਂ ਦੂਰ ਰੱਖੀਂ, ਹਰ ਸੁੱਖ ਵੀਰਾਂ ਦੀ ਝੋਲੀ ਪਾਈਂ ਰੱਬਾ ।

ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top