ਜੇ ਤੂਤ ਈ ਨਾ ਰਹੇ, ਟੋਕਰੇ ਟੋਕਰੀਆਂ, ਛਾਬੇ ਕਿਵੇਂ ਬਣਨਗੇ?

Share on

ਪੰਜਾਬ ਵਿੱਚ ਤੂਤ ਦਾ ਦਰਖੱਤ ਕਾਫੀ ਘਟ ਗਿਆ । ਬਹੁਤਿਆਂ ਨੂੰ ਯਾਦ ਹੋਵੇਗਾ ਕਿ ਤੂਤਾਂ ਨੂੰ ਛਾਂਗ ਕੇ ਉਹਨਾਂ ਦੀਆਂ ਛਿਟੀਆਂ ਨੂੰ ਸਾਫ ਕਰਕੇ ਟੋਕਰੇ ,ਟੋਕਰੀਆਂ ਤੇ ਛਾਬੇ ਬਣਾਏ ਜਾਂਦੇ ਸੀ।ਮੈਨੂੰ ਯਾਦ ਹੈ ਮੇਰੇ ਦਾਦਾ ਜੀ ਟੌਕਰੇ ਬਣਾਉਣ ਵਾਲੇ ( ਬੌਰੀਏ)।ਨੂੰ ਘਰ ਬੁਲਾ ਕੇ ਟੋਕਰੇ ਬਣਵਾਉਂਦੇ ਸਨ ,ਸਾਡੇ ਤੂਤ ਵੀ ਬਹੁਤ ਜਿਆਦਾ ਹੁੰਦੇ ਸੀ। ਟੋਕਰੇ ਸਿਰਫ ਤੂਤ ਦੇ ਹੀ ਬਣਾਏ ਜਾਂਦੇ ਨੇ ਕਿਉਂਕਿ ਤੂਤ ਦਾ ਦਰਖਤ ਲਚਕਦਾਰ ਹੈ। ਹੱਥੀ ਕੰਮ ਕਰਨਾ ਸਾਡੀ ਵਿਰਾਸਤ ਦਾ ਅਟੁੱਟ ਅੰਗ ਹੈ।ਇਹ ਟੋਕਰੇ ਸਾਡੀ ਪੇਂਡੂ ਵਿਰਾਸਤ ਦਾ ਸ਼ੁਰੂ ਤੋਂ ਈ ਹਿੱਸਾ ਹਨ।ਸਾਡੇ ਘਰਾ ਵਿੱਚ ਪਸ਼ੂਆਂ ਨੂੰ ਪੱਠੇ ਪਾਉਣਾ, ਰੂੜੀ ਵਾਲੀ ਖਾਦ ਢੋਹਣੀ ,ਪਾਥੀਆਂ ਢੋਹਣਾ ਤੇ ਘਰ ਵਿੱਚ ਵਾਧੂ ਲਸਣ ,ਪਿਆਜ ਤੇ ਆਲ ਰੱਖਣ ਲਈ ਵੀ ਇਹ ਟੋਕਰੇ ਟੋਕਰੀਆਂ ਵਰਤੇ ਜਾਂਦੇ ਸੀ।

ਇਕ ਬੋਲੀ ਵਿੱਚ ਵੀ ਟੋਕਰੇ ਦਾ ਇਉਂ ਵਰਨਣ ਹੈ :-

ਆ ਵੇ ਨਾਜਰਾ ,ਬਹਿ ਵੇ ਨਾਜਰਾ,ਕਿੱਥੇ ਨੇ ਤੇਰੇ ਘਰ ਵੇ ਬੋਤੇ ਤੇਰੇ ਨੂੰ ਘਾਹ ਦਾ ਟੋਕਰਾ ਤੈਂਨੂੰ ਦੋ ਪਰਸ਼ਾਦੇ ਗਿੱਧੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ।

ਮੈਂ ਵੇਖਿਆ ਬਹੁਤ ਘਰਾਂ ਚ ਰੱਸੀਆਂ ਪਾ ਕੇ ਵਰਾਂਡੇ ਚ ਟੋਕਰਾ ਲਮਕਾ ਕੇ ਉਸ ਵਿੱਚ ਵਰਤੋਂ ਵਾਲੀਆਂ ਵਸਤੂਆਂ ਰੱਖੀਆਂ ਜਾਂਦੀਆਂ ਸੀ।

ਅੱਗੇ ਵਿਆਹਾਂ ਵਿਚ ਜਦੋਂ ਹਲਵਾਈ ਲਗਦਾ ਤਾਂ ਉਹ ਆਉਣ ਸਾਰ ਟੋਕਰਿਆਂ ਦੀ ਮੰਗ ਕਰਦਾ,ਪਕੌੜੀਆਂ ,ਪਕੌੜੇ ਤੇ ਹੋਰ ਮਠਿਆਈ ਪਾਉਣ ਲਈ ਵਿੱਚ ਅਖਬਾਰ ਵਿਛਾ ਲਏ ਜਾਂਦੇ ਸੀ।

ਅੱਜ ਕੱਲ੍ਹ ਸਮਾਂ ਬਦਲਣ ਨਾਲ ਇਹ ਕਲਾ ਵੀ ਵਿਸਰ ਰਹੀ ਹੈ ਹੁਣ ਇਹਨਾਂ ਦੀ ਜਗ੍ਹਾ ਕੇਟਰਾਂ ਨੇ ਲੈ ਲਈ ਹੈ ਤੇ ਤੂਤ ਦੇ ਟੋਕਰਿਆਂ ਦੀ ਕਦਰ ਘਟ ਗਈ ਹੈ।ਸਾਡੇ ਤਾਂ ਘਰ ਵਿੱਚ ਸਾਗ ਧੋ ਸੰਵਾਰ ਕੇ ਟੋਕਰੀ ਵਿੱਚ ਈ ਰੱਖਿਆ ਜਾਂਦਾ ਸੀ । ਭਾਂਡ ਮਾਂਜ ਕੇ ਧੋ ਕੇ ਟੋਕਰੀ ਵਿੱਚ ਰੱਖਦੇ ਸਾਂ ਪਰ ਹੁਣ ਘਰ ਘਰ ਵਿੱਚ ਪਲਾਸਟਿਕ ਦੀਆਂ ਵੰਨ ਸੁਵੰਨੀਆਂ ਟੋਕਰੀਆਂ ਤੇ ਕੇਟਰ ਆ ਗਏ । ਖਾਲੀ ਟੋਕਰੇ ਨੂੰ ਬਦਸ਼ਗਨੀ ਵੀ ਸਮਝਿਆ ਜਾਂਦਾ, ਜੇ ਕੋਈ ਔਰਤ ਰਸਤੇ ਚ ਕਿਸੇ ਨੂੰ ਖਾਲੀ ਟੋਕਰਾ ਲਈ ਆਉਂਦੀ ਮਿਲ ਪਵੇ ਤਾਂ ਖਾਲੀ ਟੋਕਰੇ ਨੂੰ ਅਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਜੇ ਭਰੇ ਟੋਕਰੇ ਵਾਲੀ ਟੱਕਰੇ ਫੇਰ ਸ਼ਭ ਸ਼ਗਨ।

ਹੱਥੀਂ ਟੋਕਰੇ ਬਣਾਉਣੇ ਸੌਖੇ ਨਹੀਂ, ਪਹਿਲਾਂ ਤੂਤ ਦੀਆਂ ਛਟੀਆਂ ਨੂੰ ਦਾਤ ਨਾਲ ਦੋ ਫਾੜ ਕੀਤਾ ਜਾਂਦਾ । ਸਭ ਤੋਂ ਪਹਿਲਾਂ ਹੇਠਾਂ ਬੇਸ ਬਣਾਇਆ ਜਾਂਦਾ ਫੇਰ ਵਿੱਚ ਛੋਟੀਆਂ ਪਰੋਈਆਂ ਜਾਦੀਆਂ ਤੇ ਬਣਾਉਣ ਵਾਲਾ ਵੀ ਨਾਲੋ ਨਾਲ ਘੁੰਮਦਾ। ਹੱਥਾਂ ਤੇ ਜਖਮ ਵੀ ਹੋ ਜਾਂਦੇ ਨੇ ਬਹੁਤ ਮਿਹਨਤ ਆਉਂਦੀ ਜੀ ਤੂਤ ਦੇ ਟੋਕਰੇ ਬਣਾਉਣ ਤੇ । ਮੇਰੇ ਇਲਾਕੇ ਚ ਦਿਆਲਪੁਰੇ ਪਿੰਡ ਤੋਂ ਲਾਡੀ ਤੇ ਬੱਬੂ ਅਜੇ ਵੀ ਟੋਕਰੇ ਬਣਾਉਣ ਦਾ ਕੰਮ ਕਰਦੇ ਹਨ ਉਹਨਾਂ ਦਾ ਹੱਥ ਬਹੁਤ ਸਾਫ ਹੈ।ਕੁੱਝ ਦਿਨ ਪਹਿਲਾਂ ਮੈਂ ਕਿਤੇ ਜਾ ਰਹੀ ਸੀ ਤਾਂ ਉਹ ਨਵੇ ਬਣੇ ਹਾਈਵੇ ਦੇ ਪੁਲ ਹੇਠਾਂ ਟੋਕਰੇ ਬਣਾ ਰਹੇ ਸੀ ਉਹਨਾਂ ਕੋਲ ਰੁਕ ਕੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬਹੁਤ ਮਿਹਨਤ ਵਾਲਾ ਕੰਮ ਆ ,ਮਿਹਨਤ ਪੂਰੀ ਵੀ ਨਹੀਂ ਮਿਲਦੀ।

ਸੋ ਆਓ ਸਾਰੇ ਬਾਕੀ ਰੁੱਖਾਂ ਵਾਂਗ ਤੂਤ ਵੀ ਉਗਾਈਏ ਤੇ ਇਸ ਕਲਾ ਨੂੰ ਖਤਮ ਹੋਣ ਤੋਂ ਬਚਾਈਏ।

ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top