ਜੱਗਾ ਬਾਬਾ

Share on

ਮੇਰੇ ਵੱਡੇ ਵਡੇਰੇ ਦਾਦਾ ਜੀ ਪੜਦਾਦਾ ਜੀ ਪਾਕਿਸਤਾਨ ਤੋਂ ਆਏ ਹੋਏ ਨੇ ,ਉਹ ਬਾਰ ਕਹਿੰਦੇ ਸੀ , ਪਾਕਿਸਤਾਨ ਤੋਂ ਆ ਕੇ ਸਾਂਝੀ ਹਵੇਲੀ ਸੀ ਸਾਰਿਆਂ ਦੀ ਭਗਵਾਨਪੁਰੇ ਈ ਆਉਣਾ ਸੀ ਪਰ ਉੱਥੇ ਇਕ ਪਰਿਵਾਰ ਨੇ ਈ ਕਬਜਾ ਕਰ ਲਿਆ ਸੀ ,ਬਾਕੀਆਂ ਨੂੰ ਉਹ ਨੱਕ ਬੁੱਲ ਮਾਰਨ ਲੱਗੇ ,ਚਲੋ ਦਾਦਾ ਜੀ ਦੇ ਦੱਸਣ ਮੁਤਾਬਕ ,ਉਹ ਆਪਣੇ ਆਪ ਨੂੰ ਅਮੀਰ ਗਿਣਦੇ ਸੀ,ਬਾਕੀ ਨੂੰ ਟਿੱਚ ਜਾਣਦੇ ਸੀ ਪਰ ਅੱਜ ਉਹ ਹਵੇਲੀ ਚ ਉੱਲੂ ਬੋਲਦੇ ਨੇ ,ਬੋਲਣਗੇ ਵੀ ਸਾਡੇ ਪੁਰਖਿਆਂ ਨਾਲ ਮਾੜਾ ਵਰਤਾਅ ਜੋ ਕੀਤਾ ਸੀ। ਜਮੀਨ ਦੀ ਅਲਾਟਮੈਂਟ ਹੋਈ ਮੇਰੇ ਦਾਦਾ ਜੀ ਨੂੰ ਕੋਟਾਲੇ ਵਾਲੀ ਮਿਲੀ ਤੇ ਉਹ ਕੋਟਾਲੇ ਪਿੰਡ ਵਸ ਗਏ ਪਰ ਅੱਲ ਸਾਡੀ ਹਵੇਲੀ ਵਾਲੇ ਈ ਆ ਅੱਜ ਤੱਕ।

ਸਾਡੇ ਪਿੰਡ ਇਕ ਜੱਗਾ ਬਾਬਾ ਹੁੰਦਾ ਸੀ।ਉਹ ਪਿਛੋਂ ਪਾਕਿਸਤਾਨ ਤੋਂ ਈ ਆਇਆ ਹੋਇਆ ਸੀ,ਉਹਦੇ ਪਰਿਵਾਰ ਦੇ ਮੈਂਬਰ ਅੰਮ੍ਰਿਤਸਰ ਦੇ ਲਾਗੇ ਕਿਤੇ ਰਹਿੰਦੇ ਸਨ,ਮੈਨੂੰ ਵੀ ਤਾਂ ਪਤਾ ਮੇਰੇ ਕੋਲੋਂ ਉਹ ਚਿੱਠੀ ਲਿਖਵਾਉਂਦਾ ਹੁੰਦਾ ਸੀ।ਚਿੱਠੀ ਮੇਰੇ ਤੋਂ ਲਿਖਵਾਉਣੀ ,ਵੀਰੇ ਨਾਲ ਉਹਦੀ ਘੱਟ ਬਣਦੀ ਸੀਪਰ ਪਤਾ ਉਹਨੇ ਡਾਕਖਾਨੇ ਵਾਲੇ ਬਾਬੇ ਪਿਆਰੇ ਤੋਂ।

ਉਹ ਮੇਰੇ ਪੁਰਖਿਆਂ ਨੂੰ ਲੱਭਦਾ ਕੋਟਾਲੇ ਪਿੰਡ ਪਹੁੰਚ ਗਿਆ ਤੇ ਉੱਥੇ ਈ ਰਹਿਣ ਲੱਗ ਪਿਆ, ਕੋਟਾਲੇ ਸਾਡੇ ਚਾਰ ਘਰ ਸਨ( ਹੁਣ ਵੱਧ ਗਏ)ਉਹਦਾ ਸਾਡੇ ਪਰਿਵਾਰਾਂ ਨਾਲ ਪਿਆਰ ਸੀ,ਉਹ ਦਿਹਾੜੀ ਜੋਤਾ ਕਰਦਾ ,ਪਸ਼ੂ ਵਗੈਰਾ ਸਾਂਭ ਲੈਂਦਾ,ਉਹਦਾ ਸੁਭਾਅ ਬੜਾ ਖਰਵਾ ਸੀ,ਉਹ ਇਕ ਲੱਤ ਤੋਂ ਲੰਗ ਮਾਰਦਾ ਸੀ। ਪਾਪਾ ਜੀ ,ਦਾਦਾ ਜੀ ਸਾਡੇ ਦੂਜੇ ਲਾਣੇ ਮੋਹਣ ਸਿੰਘ ਚਾਚਾ ਜੀ ਉਹਨਾਂ ਨੇ ਵਾਰੀ ਖਾਲ ਵਗੈਰਾ ਘੜਾ ਲੈਣਾ ਜੇ ਕਿਤੇ ਸਾਰੇ ਪਰਿਵਾਰ ਨੇ ਜਾਣਾ ਹੁੰਦਾ ਪਿਛੋਂ ਘਰ ਤੇ ਡੰਗਰਾਂ ਦੀ ਰਖਵਾਲੀ ਉਹਦੀ ਜਿੰਮੇਵਾਰੀ ਸੀ,ਬਸ ਉਹਦੀ ਰੋਟੀ ਤੁਰੀ ਜਾ ਰਹੀ ਸੀ।ਤੁਹਾਨੂੰ ਮੈਂ ਅਪਣੱਤ ਦੀ ਗੱਲ ਦੱਸਦੀ ਹਾਂ,ਜਿੰਨੀ ਸਾਡਾ ਜੱਗਾ ਬਾਬਾ ਕਰਦਾ ਸੀ ਸ਼ਾਇਦ ਅੱਜ ਸਕੇ ਵੀ ਨਹੀਂ ਕਰਦੇ,ਉਹਨੇ ਵਾਰੀ ਬੰਨੀ ਹੋਈ ਸੀ।ਸਾਡੇ ਘਰਾਂ ਚ ਆਉਣਾ, “ਕੁੜੇ ਬੀਬੋ,ਮੰਨੀਆਂ ( ਰੋਟੀਆਂ) ਮੈਂ ਲਾਹ ਲਈਆਂ,ਕੋਈ ਦਾਲ ਸਬਜੀ ਦੇ ਦਿਓ, ਅਸੀਂ ਸਾਰੇ ਨਿਆਣਮੱਤ ਅਸੀਂ ਖਿੱਝ ਜਾਣਾ ਤੇ ਕਹਿ ਦੇਣਾ ਜੱਗੇ ਬਾਬੇ ਦਾਲ ਮੁੱਕ ਗਈ, ਪਹਿਲਾਂ ਆਉਣਾ ਸੀ ਤੂੰ? ਬਾਬੇ ਨੇ ਗੁੱਸਾ ਵੀ ਕਰਨਾ ਬਹਿ ਵੀ ਜਾਣਾ ਭੁੰਜੇ ਈ,ਥੋਡੇ ਘਰਾਂ ਚੋਂ ਮੈਨੂੰ ਕੋਈ ਜਵਾਬ ਨਹੀਂ ਦੇ ਸਕਦਾ,ਦਾਲ ਭਾਤ ਤਾਂ ਮੈਂ ਲੈ ਕੇ ਈ ਜਾਊਂ।ਨਹੀਂ ਸ਼ੱਕਰ ਘਿਓ ਦੇ ਦਿਓ, ਮਾੜਾ ਜਾ ਗਰਦਾ ਵੀ ਦਬ ਜੂ।” ਉਹ ਆਪਣੇ ਹੱਕ ਨਾਲ ਚੀਜ ਮੰਗਦਾ।ਸਾਨੂੰ ਖਿਝਾ ਕੇ ਵਧੀਆ ਲੱਗਦਾ ਸੀ।ਕਈ ਵਾਰ ਅਸੀਂ ਝਿੜਕਾਂ ਵੀ ਖਾ ਲੈਣੀਆਂ, ਸਾਡੇ ਚਾਰ ਘਰਾਂ ਤੋਂ ਬਿਨਾਂ ਕਿਸੇ ਦੇ ਨਾ ਉਹ ਦਿਹਾੜੀ ਜਾਂਦਾ ਨਾ ਚੀਜ ਮੰਗਦਾ।ਜੇ ਕਿਤੇ ਬਿਮਾਰ ਹੋ ਜਾਣਾ ਤਾਂ ਵੀ ਸਾਡੇ ਘਰਾਂ ਚ ਆਉਣਾ,ਉਹ ਅਜਮੇਰ ਸਿੰਹਾ( ਮੇਰੇ ਪਾਪਾ),ਮੋਹਣ ਸਿੰਹਾ ( ਚਾਚਾਜੀ) ਡਾਹਢਾ ਔਖਾ ਮੈਂ ਬਚਾ ਲਓ ,ਪਾਪਾ ਨੇ ਕਹਿਣਾ ਕੀ ਹੋਇਆ ਤੈਂਨੂੰ ਘੋੜੇ ਵਰਗਾ ਪਿਆਂ ਏ।ਪੈਗ ਦਾ ਸ਼ੁਕੀਨ ਸੀ,ਚਾਚੇ ਨੇ ਪੈਗ ਵੀ ਲੁਆ ਦੇਣਾ ।ਜਦੋਂ ਉਹਦੇ ਕੋਲ ਪੈਸੇ ਜਮਾਂ ਹੋ ਜਾਣੇ ਤਾਂ ਉਹਨੇ ਪਿੰਡ ਦੇ ਆਉਣੇ,ਅਸੀਂ ਕਹਿਣਾ ਬਾਬੇ ਤੂੰ ਆਪ ਵੀ ਖਰਚ ਲਿਆ ਕਰ ਤਾਂ ਅੱਗੋਂ ਕਹਿਣਾ ਤੁਸੀਂ ਮੇਰਾ ਖਰਚਾ ਕਰ ਦਿੰਦੇ ਓ।ਸਾਡੇ ਚਾਰੇ ਘਰਾਂ ਨੇ ਉਹਨੂੰ ਹਾੜੂ,ਸਿਆਲੂ ਕੱਪੜਾ ਤੇ ਜੁੱਤੀ ਆਦਿ ਸਭ ਕੁੱਝ ਲੈ ਕੇ ਦੇਣਾ।ਸੀ ਉਹ ਮਜਹਬੀ ਸਿੱਖ, ਕਈ ਵਾਰ ਕਹਿਣਾ ਮੈਨੂੰ ਮਜਬੀ ਸਿੱਖ ਆਖਿਆ ਕਰੋ। ਇਕ ਵਾਰ ਚਾਚੇ ਮੋਹਣ ਸਿਉਂ ਵਾਲਾ ਪੱਪੂ ਵੀਰ ਕਿਤੋਂ ਬਾਂਦਰੀ ਲੈ ਆਇਆ ਗੱਡੀ ਨਾਲ ਗਿਆ, ਬੜਾ ਕਲਪਿਆ,ਉਹ ਪੱਪੂ ਵੇਖ ,ਸਵੇਰੇ ਸਵੇਰੇ ਇਹਦਾ ਮੂੰਹ ਵੇਖਣਾ ਮਾੜਾ ਹੁੰਦਾ ਤੇ ਅੱਗੋਂ ਪੱਪੂ ਵੀਰ ਕਹਿੰਦਾ, ਵੇਖਾਂ ਬਾਹਲਾ ਸੁਨੱਖਾ ਤੇਰਾ ਮੂੰਹ ਵੇਖਣਾ ਚੰਗਾ ਹੁੰਦਾ ਤੇ ਅਸੀਂ ਸਾਰੇ ਬਹੁਤ ਹੱਸੇ।ਬਾਬਾ ਕਹਿੰਦਾ ਆਹੋ ਮੈਂ ਤੇ ਹੋਇਆ ਈ ਮਜਬੀ ,ਚੰਗਾ ਹੁੰਦਾ ।

ਜੇ ਕਿਤੇ ਉਹਨੂੰ ਵਾਧੂ ਕਮ ਕਹਿ ਦੇਣਾ ਪਾਪਾ ਤੇ ਚਾਚਾ ਜੀ ਹੋਰਾਂ, ਬਈ ਜੱਗਿਆ ਅੱਜ ਪੱਠੇ ਵੱਢ ਦੇਵੀਂ, ਤੇ ਉਹਨੇ ਨਾਂਹ ਨਹੀਂ ਕਰਨੀ ਪਰ ਪੱਠੇ ਵੱਢਦੇ ਨੇ ਬੁੜ ਬੁੜ ਕਰੀ ਜਾਣੀ ਆਹੋ:_
ਪੱਠੇ ਵੱਢਣ ਨੂੰ ਜੱਗਾ,ਬੱਲੀਆਂ ਚੁਗਣ ਨੂੰ ਚੰਦ ਚਿਆਰ**

ਸਾਡੇ ਘਰਾਂ ਚ ਅਖੰਡ ਪਾਠ ਜਾ ਵਿਆਹ ਸ਼ਾਦੀ ਮੌਕੇ ਬਸ ਬਾਬੇ ਜੱਗੇ ਦੀ ਪੂਰੀ ਟੌਹਰ,ਚਿੱਟਾ ਕੁੜਤਾ ਚਾਦਰਾ ਪਾਕੇ ਸਵੱਖਤੇ ਈ ਆ ਜਾਣਾ,ਸਰਦਾਰਾ ਕੰਮ ਦੱਸੋ,ਬਹੁਤ ਅਪਣੱਤ ਨਾਲ ਕੰਮ ਕਰਦਾ ਸੀ ਮੈਂ ਬਹੁਤ ਘੱਟ ਇਹੋ ਜਿਹੇ ਇਨਸਾਨ ਵੇਖੇ ਨੇ।ਮੇਰੇ ਤਾਇਆ ਜੀ ਪਟਿਆਲੇ ਰਹਿੰਦੇ ਸੀ( ਐਕਸੀਅਨ)ਜੇ ਉਹਨੇ ਵੇਖ ਲੈਣਾ ਬਈ ਆਏ ਹੋਏ ਨੇ,ਸਵੇਰੇ ਸਾਜਰੇ ਈ ਆ ਜਾਣਾ,ਭਲਾਂ ਬੀਬੋ ਵੱਡਾ ਸਰਦਾਰ ਆਇਆ ਹੋਇਆ?ਤਾਇਆ ਜੀ ਨੇ ਉਹਨਾਂ ਸਮਿਆਂ ਚ ਵੀਹ,ਪੰਜਾਹ ਦੇ ਦੇਣੇ,ਬਹੁਤ ਖੁਸ਼ ਹੋਣਾ ਬਾਬੇ ਨੇ,ਬਸ ਬਾਬਾ ਇਕ ਵਾਰੀ ਇਹ ਕਹਿ ਕੇ ਗਿਆ ਬਈ ਮੈਂ ਪਿੰਡ ਚੱਲਾਂ ਬਾਂ,ਫੇਰ ਕਦੇ ਸਾਡਾ ਜੱਗਾ ਬਾਬਾ ਮੁੜ ਕੇ ਨਹੀਂ ਆਇਆ ।

© ਜਤਿੰਦਰ ਕੌਰ ਬੁਆਲ ਸਮਰਾਲਾ

pr-admin

3 thoughts on “ਜੱਗਾ ਬਾਬਾ

  1. ਜੁੱਗ ਜੁੱਗ ਜੀਓ ਭੈਣ ਸੋਹਣੀ ਕਲਮ ਨੇ ਸੋਹਣਾ ਲਿਖਿਆ

  2. Mam g boht Sohna likhya te likhde rho.Waheguru g thode te Mehran bharya hath rakhe .Age toh hore & boht Sohna likhan da bl bakshey.

Leave a Reply

Your email address will not be published. Required fields are marked *

Back to top