ਤੀਆਂ ਦੇ ਬਦਲਦੇ ਰੰਗ

Share on

ਕਿਹਾ ਜਾਂਦਾ ਕਿ ਜੋ ਤੀਆਂ ਦਾ ਤਿਉਹਾਰ ਇਹਦਾ ਪਿਛੋਕੜ ਇਹ ਕਿ ਰਾਜੇ ਮਹਾਰਾਜੇ ਸੋਹਣੀਆਂ ਕੁੜੀਆਂ ਦੀ ਭਾਲ ਚ ਹੁੰਦੇ ਸੀ( ਮਾਫ ਕਰਨਾ ਸਾਰੇ ਇਕੋਜਿਹੇ ਨਹੀਂ ਹੁੰਦੇ) ਉਹ ਵਜੀਰਾਂ ਨੂੰ ਹੁਕਮ ਦਿੰਦੇ ਸੀ ਕੁੜੀਆਂ ਇਕੱਠੀਆਂ ਕਰਨ ਦਾ ਤੇ ਫੇਰ ਉਹਨਾਂ ਨੂੰ ਏਸ ਬਹਾਨੇ ਨਚਾਇਆ ਜਾਂਦਾ ਸੀ ਤੇ ਉਥੋਂ ਉਹ ਚੁਣ ਕੇ ਲੈ ਜਾਂਦੇ ਸੀ( ਅਤਿ ਦਰਜੇ ਦਾ ਘਟੀਆ ਕੰਮ,ਗੁਲਾਮੀ) ਸਾਡੀ ਤਰਾਸਦੀ ।ਹੌਲੀ ਹੌਲੀ ਇਸ ਪਰੰਪਰਾ ਨੇ ਤੀਆਂ ਦਾ ਰੂਪ ਧਾਰਨ ਕਰ ਲਿਆ।ਪਹਿਲੇ ਸਮਿਆਂ ਚ ਇਹ ਸਉਣ ਦਾ ਮਹੀਨਾ ਵਿਆਹੀਆਂ ਵਰੀਆਂ ਨੂੰ ਮਸਾਂ ਆਉਂਦਾ ਸੀ ਕਿਉਂਕਿ ਉਦੋਂ ਮਨੋਰੰਜਨ ਦੇ ਸਾਧਨ ਬਹੁਤ ਘੱਟ ਸਨ।ਵਿਆਹੀਆਂ ਨੂੰ ਪੇਕੇ ਜਾਣ ਦਾ ਚਾਅ ਹੁੰਦਾ ਸੀ।ਉਹ ਸਉਣ ਚੜੇ ਤੋਂ ਨਿੱਤ ਭਰਾਵਾਂ ਨੂੰ ਉਡੀਕਦੀਆਂ ਸਨ ਬੋਤਾ ਵੀਰ ਦਾ ਨਜਰ ਨਾ ਆਵੇ, ਉਡਦੀ ਧੂੜ ਦਿਸੇ  ਇਹ ਵੀ ਇਕ ਧਾਰਨਾ ਬਣੀ ਹੋਈ ਆ ਜਾਂ ਬਣਾਈ ਹੋਈ ਆ ਕਿ ਵਿਆਹ ਤੋਂ ਬਾਅਦ ਪਹਿਲੇ ਸਉਣ ਸੱਸ ਨੂੰਹ ਇਕੱਠੀਆਂ ਨਹੀਂ ਹੁੰਦੀਆਂ, ਵਹਿਮ ਈ ਆ ਇਕ,ਹੁਣ।ਬਾਹਰਲੇ ਦੇਸ਼ਾਂ ਨੇ ਇਹ ਵੀ ਵਹਿਮ ਚੱਕ ਦਿੱਤਾ ।

ਗੱਲ ਕਰੀਏ ਤੀਆਂ ਦੀ ਸੌਣ ਦੇ ਮਹੀਨੇ ਦੀ।ਇਸ ਮਹੀਨੇ ਚ ਵਿਆਹੀਆਂ ਜਿਆਦਾਤਰ ਆਪਣੇ ਪੇਕੇ ਪਹੁੰਚ ਜਾਂਦੀਆਂ, ਸਖੀਆਂ ਨੂੰ ਮਿਲਦੀਆਂ, ਹੱਥਾਂ ਤੇ ਮਹਿੰਦੀ ਲਾਉਂਦੀਆਂ,ਉਦੋਂ ਮਹਿੰਦੀ ਵੀ ਘਰ ਹੀ ਰਗੜ ਕੇ ਤਿਆਰ ਕੀਤੀ ਜਾਂਦੀ ਸੀ। ਵਣਜਾਰਾ ਆਉਂਦਾ ਸੀ ਉਹਦੇ ਤੋਂ ਵੰਗਾਂ, ਚੂੜੀਆਂ ਚੜਾਉਣੀਆਂ ਤੇ ਕਹਿਣਾ ਆ ਵਣਜਾਰਿਆ,ਬਹਿ ਵਣਜਾਰਿਆ, ਕਿੱਥੇ ਨੇ ਤੇਰੇ ਘਰ ਵੇ,ਭੀੜੀ ਵੰਗ ਬਚਾ ਕੇ ਚਾੜੀਂ ਮੈਂ ਜਾਉਂਗੀ ਮਰ ਵੇ ਜੇ ਵੰਗਾਂ ਚੜਾਉਣ ਵੇਲੇ ਕੋਈ ਵੰਗ ,ਚੂੜੀ ਟੁੱਟ ਜਾਣੀ ,ਫੇਰ ਪਿਆਰ ਕੱਢ ਕੱਢ ਵੇਖੀ ਜਾਣਾ।

ਹਰ ਰੋਜ਼ ਸੁਹਣੇ ਸੂਟ ਪਾ ਕੇ ਤਿਆਰ, ਬਿਆਰ ਹੋ ਕੇ ਪਿੱਪਲਾਂ,ਬੋਹੜਾਂ ਥੱਲੇ ਤੀਆਂ ਲਾਉਂਦੀਆਂ, ਗਿੱਧਾ ਪਾਉਂਦੀਆਂ, ਪੀਂਘਾਂ ਝੂਟਦੀਆਂ। ਗਿੱਧੇ ਚ ਪੂਰਾ ਹਾਸਾ ਠੱਠਾ ਤੇ ਆਪਣੇ ਮਨ ਦੀ ਭੜਾਸ ਕੱਢਦੀਆਂ ਜਿਵੇਂ ਅੱਗੋਂ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ ਕੋਈ ਜੇਠ,ਦਿਓਰ ਤੇ ਨਣਦ ਦੀ ਬੋਲੀ ਪਾਉਂਦੀ।


ਤੇ ਕੋਈ ਆਖਦੀ ਸ਼ੌਕ ਨਾਲ ਮੈਂ ਗਿੱਧੇ ਚ ਆਵਾਂ, ਬੋਲੀ ਪਾਵਾਂ ਸ਼ਗਨ ਮਨਾਵਾਂ, ਸਉਣ ਦਿਆ ਬੱਦਲਾ ਵੇ ਮੈਂ ਤੇਰਾ ਜਸ ਗਾਵਾਂ  ਸਉਣ ਮਹੀਨੇ ਘਾਹ ਹੋ ਚੱਲਿਆ, ਰੱਜਣ ਮੱਝੀਆਂ,ਗਾਈਂ ਗਿੱਧਿਆ ਪਿੰਡ ਵੜ ਵੇ,ਲਾਂਭ ਲਾਂਭ ਨਾ ਜਾਈਂ ਇਸ ਮਹੀਨੇ ਮੀਂਹ ਦੀਆਂ ਝੜੀਆਂ ਲੱਗ ਜਾਂਦੀਆਂ ਸੀ ਪਰ ਜਵਾਨ ਕੁੜੀਆਂ ਕਿੱਥੇ ਪਰਵਾਹ ਕਰਦੀਆਂ ਸੀ ਉਹ ਆਖਦੀਆਂ ਆਇਆ ਸਾਵਣ ਦਿਲ ਪਰਚਾਵਣ,ਝੜੀ ਲੱਗ ਗਈ ਭਾਰੀ ਝੂਟੇ ਲੈਂਦੀ ਮਰੀਆ ਭਿੱਜ ਗਈ, ਨਾਲੇ ਰਾਮ ਪਿਆਰੀ, ਸਉਣ ਦਿਆ ਬੱਦਲਾ ਵੇ, ਹੀਰ ਭਿੱਜ ਗਈ ਸਿਆਲਾਂ ਵਾਲੀ ਗਿੱਧੇ ਚ ਉਹਨਾਂ ਨੂੰ ਪੂਰੀ ਅਜਾਦੀ ਹੁੰਦੀ ਸੀ ਕੋਈ ਵਿਚੋਂ ਆਖਦੀ ਭਿੱਜ ਗਈ ਰੂਹ ਮਿੱਤਰਾ,ਸ਼ਾਮ ਘਟਾ ਚੜ ਆਈਆਂ  ਕਈ ਵਾਰ ਪਰਦੇਸ ਗਏ ਮਾਹੀਏ ਬਾਰੇ ਕਹਿ ਉਠਦੀਆਂ ਜਾਂਦਾ ਹੋਇਆ ਦੱਸ ਨਾ ਗਿਉਂ, ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਚੁੰਝ ਤੇਰੀ ਵੇ ਕਾਲਿਆ ਕਾਵਾਂ, ਸੋਨੇ ਨਾਲ ਮੜਾਵਾਂ ਜਾ ਆਖੀਂ ਮੇਰੇ ਢੋਲ ਨੂੰ, ਨਿੱਤ ਮੈਂ ਔਸੀਆਂ ਪਾਵਾਂ ਨੌਕਰ ਨੂੰ ਨੇ ਦੇਈਂ ਵੇ ਬਾਬਲਾ ਹਾਲੀ ਪੁੱਤ ਬਥੇਰੇ ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ ਵਿੱਚ ਪਰਦੇਸਾਂ ਡੇਰੇ ਮੈਂ ਤੈਨੂੰ ਵਰਜ ਰਹੀ ਦੇਈਂ ਨਾ ਬਾਬਲਾ ਫੇਰੇ ਤੇ ਗਿੱਧੇ ਦੇ ਵਿੱਚ ਤਮਾਸ਼ੇ ਕਰੀ ਜਾਂਦੀਆਂ ਕੋਈ ਸਿਰ ਤੇ ਚੁੰਨੀ ਦਾ ਮੰਡਾਸਾ ਬੰਨ ਕੇ ਬੰਦਾ ਬਣ ਜਾਂਦੀ ਫੇਰ ਅਖੀਰਲੇ ਦਿਨ ਆਪਣੇ ਪਿੰਡ ਦੀ ਸੁੱਖ ਮੰਗਦੀਆਂ, ਤੇ ਪਿੰਡ ਨੂੰ ਵਸਦੇ ਰਹਿਣ ਦੀ ਸੁੱਖ ਮੰਗਦੀਆਂ ਗੀਤ ਗਾਉਂਦੀਆਂ ਘਰਾ ਨੂੰ ਤੁਰ ਪੈਂਦੀਆਂ ਸੁੱਖ ਵਸਦੀ ਵੇ ਮਾਪਿਓ ਥੋਡੀ ਨਗਰੀ ਜੀ ,ਸੁੱਖ ਵਸਦੀ ਤੇ ਦੂਜੀ ਆਖਦੀ ਮਾਪਿਓ ,ਵੀਰੋ ਵੇ ਥੋਡੇ ਰਾਜ ਦੇ ਵਿਚੋਂ ਅਸੀਂ ਖੇਡ ਕੇ ਘਰਾਂ ਨੂੰ ਆਈਆਂ ਤੇ ਨਾਲੇ ਉਦਾਸ ਵੀ ਹੋ ਜਾਂਦੀਆਂ, ਇਕ ਦੂਜੇ ਨੂੰ ਗਲੇ ਮਿਲਦੀਆਂ, ਹਉਕਾ ਲੈਦੀਆਂ ਆਖਦੀਆਂ ਸੌਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਅਗਲੇ ਦਿਨ ਮਾਪਿਆਂ ਤੋਂ ਜੋ ਸਰਦਾ ਬਣਦਾ ਉਹ ਤੀਆਂ ਦਾ ਸੰਧਾਰੇ ਦੇ ਕੇ ਸਹੁਰਿਆਂ ਨੂੰ ਤੋਰ ਦਿੰਦੇ ਕਈ ਆਖਦੀਆਂ ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਇਸ ਤਿਉਹਾਰ ਦਾ ਸੰਬੰਧ ਤੀਜ ਨਾਲ ਵੀ ਹੈ।

ਅੱਜ ਕੱਲ ਦੀਆਂ ਤੀਆਂ ਸਟੇਜੀ ਤੀਆਂ ਬਣ ਕੇ ਰਹਿ ਗਈਆਂ ਹਨ,ਕਲਾਕਾਰ ਬੁਲਾਏ ਜਾਂਦੇ ਨੇ,ਬਹੁਤ ਫਰਕ ਪੈ ਗਿਆ ਹੁਣ ਮਾਡਰਨ ਤੀਆਂ ਲਗਦੀਆਂ ਨੇ,ਗਿੱਧੇ ਵਾਲੇ ਤੇ ਮਹਿੰਦੀ ਵਾਲੇ ਬੁਲਾਏ ਜਾਂਦੇ ਨੇ ਇਹ ਸਭ ਕੁੱਝ ਵਿਖਾਵਾ ਬਣ ਕੇ ਰਹਿ ਗਿਆ, ਰਹਿੰਦਾ ਖੂੰਹਦਾ ਮੋਬਾਈਲ ਤੇ ਇੰਟਰਨੈੱਟ ਨੇ ਖੋਹ ਲਿਆ ਸਭ ਕੁੱਝ।ਇਸ ਵਾਰੀ ਕਰੋਨਾ ਨੇ ਮਿੱਧ ਦਿਤੇ ਤੀਆਂ ਦੇ ਮੇਲੇ।ਹੁਣ ਤਾਂ ਉਹ ਗੱਲ ਆ ਨਾ ਮੰਜੇ ਦੀ ਦੌਣ ਕੁੜੇ ਤੂੰ ਕਿਥੋਂ ਲੱਭਦੀ ਸੌਣ ਕੁੜੇ ਘਰੇ ਈ ਖੀਰ ਪੂੜੇ ਖਾਹ ਕੇ ਮਨਾਓ ਬੀਬੀਓ, ਭੈਣੋ ਧੀਆਂ  ਜੇ ਧੀਆਂ ਨੇ ਤਾਹੀਓਂ ਤੀਆਂ ਨੇ ਧੀਆਂ ਦਾ ਸਤਿਕਾਰ ਕਰੋ,ਪੁੱਤਰਾ ਵਾਂਗੂੰ ਪਿਆਰ ਕਰੋ

ਜਤਿੰਦਰ ਕੌਰ ਬੁਆਲ ਸਮਰਾਲਾ

pr-admin

One thought on “ਤੀਆਂ ਦੇ ਬਦਲਦੇ ਰੰਗ

  1. ਤੀਆਂ ਬਾਰੇ ਬਹੁਤ ਹੀ ਸੋਹਣਾ ਲਿੱਖਿਆ ਏ ਭੈਣ ਜੀ

Leave a Reply

Your email address will not be published. Required fields are marked *

Back to top