ਪਰਖ

Share on

ਕਈ ਦਿਨਾਂ ਤੋਂ ਸ਼ਾਮ ਦੀ ਮਾਂ ਵੇਖ ਰਹੀ ਸੀ,ਸ਼ਾਮ ਚੁੱਪ, ਚੁੱਪ ਰਹਿੰਦਾ। ਜਦੋਂ ਬੋਲਦਾ ਤਾਂ ਕਿਸਾਨਾਂ ਦੇ ਧਰਨੇ ਦੀ ਗੱਲ ਕਰਦਾ ਜੋ ਸ਼ਾਇਦ ਮਾਂ ਨੂੰ ਚੰਗਾ ਨਾ ਲਗਦਾ। ਮਾਂ ਨੇ ਉਹਨੂੰ ਬਹੁਤ ਵਾਰ ਸਮਝਾਇਆ ਇਹਨਾਂ ਗੱਲਾਂ ਦਾ ਅਸਰ ਨਹੀਂ ਕਰੀਦਾ , ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਪਰ ਉਹ ਅੰਦਰ ਹੀ ਅੰਦਰ ਖਿਝ ਕੇ ਚੁੱਪ ਕਰ ਜਾਂਦਾ। ਤੇ ਰੋਟੀ ਖਾਣ ਵੇਲੇ ਉਹ ਮਾਂ ਨੂੰ ਫੇਰ ਪੁੱਛਦਾ ਮਾਂ ਕਿਸਾਨ ਸਾਡਾ ਅੰਨਦਾਤਾ ਏ? ਤਾਂ ਮਾਂ ਸਿਰਫ ਹਾਂ ਵਿੱਚ ਸਿਰ ਹੀ ਹਿਲਾਉਂਦੀ। ਤੇ ਉਹ ਅੱਗੋਂ ਫੇਰ ਪੁੱਛਦਾ ਮਾਂ ਅੰਨਦਾਤਾ ਧਰਨੇ ਕਿਉਂ ਲਾ ਰਿਹਾ ? ਸੜਕਾਂ ਤੇ ਕਿਉਂ ਬੈਠਾ ਪਰਿਵਾਰ ਸਣੇ? ਮਾਂ ਤੜਫ ਜਾਂਦੀ ,ਖਿਝ ਜਾਂਦੀ ਉਹਦੇ ਸਵਾਲ ਸੁਣ ਕੇ। ਹਾਂ, ਹੂੰ ਕਰ ਛੱਡਦੀ ਪਰ ਉਹ ਵੇਖ ਰਹੀ ਸੀ ਕਿ ਸ਼ਾਮ ਹੁਣ ਪੜਾਈ ਚ ਵੀ ਘੱਟ ਧਿਆਨ ਦਿੰਦਾ ,ਖਾਣਾ ਵੀ ਠੀਕ ਤਰ੍ਹਾਂ ਨਹੀਂ ਖਾਂਦਾ।

ਸ਼ਾਮ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤ ਹੋਣ ਕਰਕੇ ਉਹ ਚਾਹੁੰਦੀ ਸੀ ਉਹਦੇ ਪੁੱਤ ਨੂੰ ਤੱਤੀ ਵਾਹ ਨਾ ਲੱਗੇ। ਇਕ ਦਿਨ ਮਾਂ ਨੂੰ ਕਿਤੇ ਬਾਹਰ ਜਾਣਾ ਪੈ ਗਿਆ, ਸ਼ਾਮ ਨੇ ਮੌਕਾ ਤਕਾ ਕੇ ਆਪਣੇ ਮਿੱਤਰ ਕੋਲ ਗਿਆ ਕਿਸਾਨ ਬਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਉਸਦੇ ਮਨ ਤੇ ਬਹੁਤ ਅਸਰ ਹੋਇਆ ਕਿ ਜਿਸਨੂੰ ਅੰਨਦਾਤਾ ਕਿਹਾ ਜਾਂਦਾ,ਉਹ ਆਪਣੇ ਹੱਕਾਂ ਖਾਤਰ ਸੜਕਾਂ ਤੇ ਬੈਠਾ। ਕਿਉਂ? ਉਸ ਦੇ ਦਿਮਾਗ ਚ ਇਹ ਕਸ਼ਮਕਸ਼ ਚੱਲਦੀ ਸੀ। ਘਰ ਆ ਕੇ ਉਹਨੇ ਮਾਂ ਨੂੰ ਕਿਹਾ, ਮਾਂ ਆਪਾਂ ਵੀ ਧਰਨੇ ਤੇ ਦਿੱਲੀ ਚੱਲੀਏ? ਤਾਂ ਮਾਂ ਸਮਝਾਉਣ ਲੱਗੀ ,ਨਾ ਪੁੱਤ ਤੂੰ ਛੋਟਾ ਏਂ ਨਾਲੇ ਇਹ ਤਾਂ ਕਿਸਾਨਾਂ ਦਾ ਧਰਨਾ ,ਆਪਣਾ ਥੋੜੀ ਨਾ? ਮਾਂ ਪੁੱਤ ਰਿਸ਼ਤਾ ਈ ਰੱਬ ਨੇ ਅਜਿਹਾ ਬਣਾਇਆ । ਸ਼ਾਮ ਪੂਰੀ ਤਰ੍ਹਾਂ ਖਿੱਝ ਚੁੱਕਾ ਸੀ,ਹੁਣ ਉਹ ਉਚੀ ਉਚੀਂ ਬੋਲਣ ਲੱਗ ਪਿਆ, ਰੋਟੀ ਅੰਨਦਾਤੇ ਦੀ , ਚਾਹ ਅੰਨਦਾਤੇ ਦੀ , ਕੱਪੜੇ ਵੀ ਅੰਨਦਾਤੇ ਦੇ ਘਰ ਵੀ ਅੰਨਦਾਤੇ ਦੀ ਕਮਾਈ ਦੇ? ਕਿਉ? ਕਿਉਂ ਮਾਂ, ਕਿਉਂ ਨਹੀਂ ਅਸੀਂ ਧਰਨੇ ਵਿੱਚ ਜਾਣਾ? ਸਾਡਾ ਸਭ ਦਾ ਫਰਜ ਬਣਦਾ ਕਿ ਜਾਤਾਂ ਪਾਤਾਂ ਤੋਂ ਉਪਰ ਉਠ ਕੇ ਅੰਨਦਾਤੇ ਦੇ ਨਾਲ ਖੜੀਏ। ਮਾਂ ਚੁੱਪ ਸੀ ਤੇ ਅਡੋਲ ਖੜੀ ਆਪਣੇ ਪੁੱਤ ਦੇ ਮੂੰਹ ਵੱਲ ਵੇਖ ਰਹੀ ਸੀ ਤੇ ਝੱਟ ਦੇਣੇ ਉਹਨੇ ਭੱਜ ਕੇ ਪੁੱਤ ਦਾ ਮੂੰਹ ਚੁੰਮ ਲਿਆ ਤੇ ਅੰਦਰ ਚਲੀ ਗਈ । ਜਦੋਂ ਵਾਪਸ ਆਈ ਤਾਂ ਚਾਰ,ਪੰਜ ਜੋੜੇ ਹੱਥੀਂ ਬੁਣੀਆਂ ਜੁਰਾਬਾਂ, ਦਸਤਾਨੇ ਤੇ ਦੋ ਤਿੰਨ ਹੱਥੀਂ ਬੁਣੇ ਸਵੈਟਰ , ਘਰ ਪਏ ਕੰਬਲ ਚੁੱਕ ਲਿਆਈਂ ਤੇ ਕਹਿਣ ਲੱਗੀ ਚੱਲ ਪੁੱਤ ਤੂੰ ਅੰਨਦਾਤੇ ਦੇ ਦਿੱਲੀ ਵਾਲੇ ਧਰਨੇ ਚ ਇਕੱਲਾ ਨਹੀਂ ਜਾਵੇਂਗਾ ਮੈਂ ਤੇਰੇ ਨਾਲ ਜਾਵਾਂਗੀ ਮੈਂ ਤਾਂ ਤੈਨੂੰ ਪਰਖ ਰਹੀ ਸੀ ਪੱਕੇ ,ਕੱਚੇ ਨੂੰ ਪਰ ਜਦੋ ਮੈਂ ਵੇਖਿਆ ਤੂੰ ਖਾਣਾ ਬਹੁਤ ਘੱਟ ਕੀਤਾ ਤੇ ਰਾਤ ਨੂੰ ਮੇਰੇ ਸੌਣ ਤੋਂ ਬਾਅਦ ਤੂੰ ਬਾਹਰ ਛੱਤਰੀ ਤਾਣ ਕੇ ਇਕ ਕੰਬਲ ਚ ਰਾਤਾਂ ਕੱਟ ਲੈਨਾ ਪੁੱਤ, ਹੁਣ ਮੈਂਨੂੰ ਵਿਸ਼ਵਾਸ ਆ ਕਿ ਮੇਰਾ ਪੁੱਤ ਹੁਣ ਅੰਨਦਾਤੇ ਨਾਲ ਖੜਨ ਜੋਗਾ ਹੋ ਗਿਆ। ਇਹ ਸੁਣ ਕੇ ਸ਼ਾਮ ਆਪਣੇ ਕਮਰੇ ਚ ਗਿਆ ਉਸ ਨੇ ਵੀ ਮਾਂ ਤੋਂ ਚੋਰੀ ਕੁੱਝ ਲੋੜੀਂਦਾ ਸਮਾਨ ਖਰੀਦਿਆ ਹੋਇਆ ਸੀ ਪਿੰਡੋਂ ਅੱਜ ਫੇਰ ਟਰਾਲੀ ਦਿੱਲੀ ਜਾਣੀ ਸੀ ਦੋਵੇਂ ਮਾਂ ਪੁੱਤ ਆਪਣਾ ਆਪਣਾ ਸਮਾਨ ਲੈ ਕੇ ,** ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਹਰੇ ਲਾਉਂਦੇ ਟਰਾਲੀ ਵਿੱਚ ਬਹਿ ਗਏ ।

pr-admin

Leave a Reply

Your email address will not be published. Required fields are marked *

Back to top