ਪੁਸਤਕਾਂ ਦਾ ਸਾਡੇ ਜੀਵਨ ਚ ਯੋਗਦਾਨ

Share on

ਪੁਸਤਕਾਂ ਤੋਂ ਬਿਨਾਂ ਘਰ,ਜਿਵੇਂ ਖਿੜਕੀਆਂ ਤੋਂ ਬਿਨਾਂ ਬੰਦ ਕਮਰਾ। ਕੋਈ ਵੀ ਵਿਦਿਅਕ ਸੰਸਥਾ ਅਧੂਰੀ ਹੈ,ਜੇ ਉਥੇ ਲਾਇਬ੍ਰੇਰੀ ਨਹੀਂ ਹੈ।ਕਿਤਾਬਾਂ ਹਰ ਦੇਸ਼ ਦੀ ਸਭਿਅਤਾ ਤੇ ਸੰਸਕ੍ਰਿਤੀ ਦਾ ਪੈਮਾਨਾ ਹਨ।ਕਿਸੇ ਵੀ ਦੇਸ਼ ਦੀ ਤਰੱਕੀ ਦਾ ਅੰਦਾਜ਼ਾ ਉਥੋਂ ਦੀਆਂ, ਬਹੁ ਮੰਜਲੀ ਇਮਾਰਤਾਂ, ਅਸਮਾਨ ਛੋਂਹਦੀਆਂ ਚਿਮਨੀਆਂ ਤੇ ਵਲ ਖਾਂਦੀਆਂ ਸੜਕਾਂ ਤੋਂ ਨਹੀਂ ਲਗਾਇਆ ਜਾਂਦਾ ਸਗੋਂ ਉਸ ਦੇਸ਼ ਦੀਆਂ ਰਚਨਾਵਾਂ ਤੇ ਸਾਹਿਤਕਾਰਾਂ ਦੇ ਕੱਦ ਕਾਠ ਤੇ ਵਿਚਾਰਾਂ ਤੋਂ ਲਗਾਇਆ ਜਾਂਦਾ ਹੈ।ਪੁਸਤਕਾਂ ਵਿੱਚ ਦਰਜ ਵਿਚਾਰਾਂ ਨੇ ਕਈ ਇਨਕਲਾਬ ਪੈਦਾ ਕੀਤੇ,ਇਸ ਤਰ੍ਹਾਂ ਹਥਿਆਰਾਂ ਨਾਲੋਂ ਕਿਤਾਬਾਂ ਵੱਧ ਬਲਵਾਨ ਸਾਬਤ ਹੁੰਦੀਆਂ ਹਨ ।ਸਿੱਖ ਧਰਮ।ਵਿੱਚ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਦਾ ਸਥਾਨ ਦਿੱਤਾ ਗਿਆ ਹੈ ਸੰਸਾਰ ਵਿੱਚ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ।ਪੁਸਤਕਾਂ ਦੇ ਰਚੇਤਾ ਭਾਵੇਂ ਕਿਸੇ ਸਥਾਨ ਚ ਜਨਮੇ ਹੋਣ ਉਹ ਸਭ ਦੇ ਸਾਂਝੇ ਹੁੰਦੇ ਹਨ ਜਿਵੇਂ ਸ਼ੈਕਸਪੀਅਰ ਸਭ ਦਾ ਸਾਂਝਾ ਹੈ।

ਪੁਸਤਕਾਂ ਸਾਡੀਆਂ ਸਭ ਤੋਂ ਵਧੀਆ ਮਿੱਤਰ ਅਤੇ ਰਾਜਦਾਰ ਹੁੰਦੀਆਂ ਹਨ, ਸਾਨੂੰ ਕਦੇ ਵੀ ਮਹਿਸੂਸ ਨਹੀਂ ਹੁੰਦਾ ਕਿ ਇਹ ਸਾਨੂੰ ਕਿਸੇ ਪੜਾਅ ਤੇ ਧੋਖਾ ਦੇਣਗੀਆਂ ਕਿਉਂਕਿ ਪੁਸਤਕਾਂ ਨੇ ਇਨਸਾਨ ਦੀ ਤਰ੍ਹਾਂ ਆਪਣੇ ਉਪਰ ਨਕਲੀ ਨਕਾਬ ਨਹੀਂ ਪਹਿਨਿਆ ਹੋਇਆ।ਅਸੀਂ ਜਦ ਵੀ ਚਾਹੀਏ ਪੁਸਤਕਾਂ ਤੋਂ ਯੋਗ ਅਗਵਾਈ ਲੈ ਸਕਦੇ ਹਾ।ਇਹ ਸਾਡੀਆਂ ਸਭ ਤੋਂ ਵੱਧ ਸ਼ੁਭਚਿੰਤਕ ਹਨ।ਪੁਸਤਕਾਂ ਨਾਲ ਦੋਸਤੀ ਤੇ ਨਿੱਘ ਦੀ ਭਾਵਨਾ ਹਰ ਵਰਗ ਦੇ ਲੋਕਾਂ ਲਈ ਜਰੂਰੀ ਹੈ ਪਰ ਅੱਜ ਸਭ ਤੋਂ ਵੱਧ ਲੋੜ ਬੱਚਿਆਂ ਲਈ ਹੈ।ਇਸ ਕਲਾ ਦਾ ਬੂਟਾ ਜੇ ਬਚਪਨ ਤੋਂ ਹੀ ਸਹੀ ਢੰਗ ਨਾਲ ਲਾਇਆ ਜਾਵੇ ਤਾਂ ਬਾਅਦ ਵਿੱਚ ਸੰਘਣਾ ਦਰੱਖਤ ਜਰੂਰ ਬਣਦਾ ਹੈ ਤੇ ਮਿੱਠੇ ਫਲ ਵੀ ਦਿੰਦਾ ਹੈ।ਜਦੋਂ ਅਸੀਂ ਬੱਚਿਆਂ ਨੂੰ ਉਹਨਾਂ ਦੇ ਮਨੋਰੰਜਨ ਦੀਆਂ ਪੁਸਤਕਾਂ ਨਹੀਂ ਦੇਵਾਂਗੇ ਤਾਂ ਉਹ ਆਪਣਾ ਵਿਹਲਾ ਸਮਾਂ, ਟੀ ਵੀ ਵੇਖ ਕੇ ਤੇ ਮੋਬਾਈਲ ਤੇ ਗੇਮਾਂ ਖੇਡ ਕੇ ਬਿਤਾਉਣਗੇ।ਆਓ ਬੱਚਿਆਂ ਦੇ ਜਨਮ ਦਿਨ ਤੇ ਉਹਨਾਂ ਨੂੰ ਚੰਗੀਆਂ ਪੁਸਤਕਾਂ ਉਪਹਾਰ ਦੇ ਰੂਪ ਵਿੱਚ ਦਿਆ ਕਰੀਏ ਜੋ ਉਹਨਾਂ ਦਾ ਦਿਮਾਗੀ ਵਿਕਾਸ ਕਰਨ।ਸਕੂਲਾਂ, ਕਾਲਜਾਂ ਵਿਚ ਅਧਿਆਪਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ਪਰ ਸਾਡੇ ਵਿੱਚੋ ਪੁਸਤਕਾਂ ਖਰੀਦਣ ਦਾ ਸ਼ੌਕ ਖਤਮ ਹੋ ਰਿਹਾ ਹੈ।ਅਸੀਂ ਘਰ ਨੂੰ ਸਜਾਉਣ ਲਈ ਵਧੀਆ ਸਜਾਵਟੀ ਸਮਾਨ ਖਰੀਦ ਸਕਦੇ ਹਾਂ,ਪਰ ਪੁਸਤਕ ਚਾਹੁੰਦੇ ਹਾਂ ਮੁਫਤ ਵਿਚ ਈ ਮਿਲ ਜਾਵੇ।ਅਸੀਂ ਘਰ ਵਿੱਚ ਹਰ ਚੀਜ਼ ਲਈ ਥਾਂ ਬਣਾਉਂਦੇ ਹਾਂ, ਪੁਸਤਕਾਂ ਲਈ ਨਹੀਂ।ਸਾਨੂੰ ਆਪਣੇ ਘਰਾਂ ਵਿੱਚ ਕਿਤਾਬਾਂ ਲਈ ਰਾਖਵੀਂ ਥਾਂ ਰੱਖਣੀ ਚਾਹੀਦੀ ਹੈ।

ਅੱਜ ਦੀ ਦੁਨੀਆਂ ਵਿਚਾਰਾਂ ਦੀ ਦੁਨੀਆਂ ਹੈ।ਅੱਜ ਦੇ ਲੇਖਕ ਕਿਸੇ ਇਕ ਦੇਸ਼ ਦੇ ਨਹੀਂ ਸਭ ਦੇ ਸਾਂਝੇ ਹਨ।ਉਨ੍ਹਾਂ ਦੇ ਵਿਚਾਰਾਂ ਨੂੰ ਸਰਹੱਦ ਤੋਂ ਪਾਰ ਜਾਣ ਲਈ ਕਿਸੇ ਪਾਸਪੋਰਟ ਜਾਂ ਵੀਜੇ ਦੀ ਲੋੜ ਨਹੀਂ ਆਓ ਸਾਰੇ ਪੁਸਤਕਾਂ ਨਾਲ ਸਾਂਝ ਪਾਈਏ।ਜਿਵੇਂ ਕਿ ਹੁਣ ਮਾਰਚ ਮਹੀਨੇ ਦੀ 22 ਤਾਰੀਖ਼ ਤੋਂ ਲਾਕਡਾਊਨ ਚੱਲ ਰਿਹਾ ਹੈ,ਬਹੁਤ ਇਨਸਾਨ ਘਰ ਰਹਿ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਹਨ,ਘਰ ਚ ਲੜਾਈ, ਕਾਟੋ ਕਲੇਸ਼ ,ਕਈਆਂ ਨੇ ਆਪਣੀ ਜੀਵਨ ਲੀਲ੍ਹਾ ਹੀ ਖਤਮ ਕਰ ਲਈ।ਇਹੋ ਜਿਹੇ ਸਮੇਂ ਚ ਸਾਨੂੰ ਪੁਸਤਕਾਂ ਦਾ ਸਹਾਰਾ ਲੈਣਾ ਚਾਹੀਦਾ ਹੈ।ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ਮੇਰੀਆਂ ਮਿੱਤਰ ਕਿਤਾਬਾਂ ਦੇ ਸਦਕੇ ਮੇਰਾ ਇਹ ਸਮਾਂ ਬਹੁਤ ਸੋਹਣਾ ਲੰਘ ਰਿਹਾ ਹੈ।ਕਿਤਾਬਾਂ ਪੜ੍ਹਨ ਦੀ ਚੇਟਕ ਮੈਨੂੰ ਮੇਰੇ ਵੀਰ ਹਰਭਜਨ ਮਾਨ, ਵੀਰ ਅਸ਼ੋਕ ਭੌਰਾ ਜੀ, ਵਿਕਰਮ ਸਿੰਘ ਸੰਗਰੂਰ ਤੇ ਵੀਰ ਮਨਪ੍ਰੀਤ ਟਿਵਾਣਾ ਜੀ ਤੋਂ ਲੱਗੀ ਮੈਂ ਇਹਨਾਂ ਸ਼ਖਸੀਅਤਾਂ ਦਾ ਬਹੁਤ ਧੰਨਵਾਦ ਕਰਦੀ ਹਾਂ।

ਆਓ ਕਿਤਾਬਾਂ ਨੂੰ ਆਪਣੇ ਸੱਚੇ ਮਿੱਤਰ ਬਣਾਈਏ ।

© ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top