ਫੌੜਾ

Share on

ਫੌੜੇ ਦੀ ਵਰਤੋਂ ਵੀ ਸਾਡੇ ਘਰਾਂ ਚ ਆਮ ਹੁੰਦੀ ਸੀ , ਇਹਦੀ ਬਣਤਰ ਕਹੀ ਵਰਗੀ ਈ ਹੁੰਦੀ ਆ ,ਲੰਮੀ ਡੰਡੀ ਹੁੰਦੀ ਤੇ ਡੰਡੀ ਦਾ ਇਕ ਸਿਰਾ ਚੌਕਸ ਚੌਖਟੇ ਨਾਲ ਕਿੱਲ,ਮੇਖਾਂ ਲਾ ਕੇ ਵਿਚ ਫਿਟ ਕੀਤਾ ਹੁੰਦਾ। ਡੰਡੀ ਤੋਂ ਫੜ ਕੇ ਆਪਣੇ ਵਾਲੇ ਪਾਸੇ ਨੂੰ ਡੰਗਰ ਪਸ਼ੂ ਦਾ ਗੋਹਾ ਖਿੱਚ ਕੇ ਪਿੱਛੇ ਇਕੱਠਾ ਕੀਤਾ ਜਾਂਦਾ। ਵਰਤੋਂ ਤਾਂ ਹੁਣ ਵੀ ਹੁੰਦੀ ਹੋਵੇਗੀ ।
ਜਿਨਾਂ ਘਰਾਂ ਵਿੱਚ ਪਸ਼ੂ ਰੱਖੇ ਹੋਣਗੇ। ਪਸ਼ੂ ਕੀਲੇ ਨਾਲ ਖੁਰਲੀ ਤੇ ਬੰਨੇ ਜਾਂਦੇ ਤੇ ਉਹਨਾਂ ਦਾ ਕੀਤਾ ਗੋਹਾ ਇਸ ਫੌੜੇ ਨਾਲ ਪਿੱਛੇ ਹਟਾਇਆ ਜਾਂਦਾ। ਜਦੋਂ ਪਿੰਡ ਰਹਿੰਦੇ ਸੀ। ਬਲਦ ,ਮੱਝਾਂ ਤੇ ਗਾਵਾਂ ਰੱਖਦੇ ਸੀ ,ਮੇਰੇ ਦਾਦਾ ਜੀ ਸਰਦਾਰ ਗੁਰਬਚਨ ਸਿੰਘ ਜੀ ਦੋ ਫੌੜੇ ਬਣਾ ਕੇ ਰੱਖਦੇ ਸਨ। ਉਹ ਪਸ਼ੂਆਂ ਨੂੰ ਗੋਹਾ ਮਿੱਧਣ ਨਹੀਂ ਸੀ ਦਿੰਦੇ , ਜੇ ਉਹ ਕਿਤੇ ਸ਼ਹਿਰ ਜਾਂ ਖੇਤ ਗਏ ਹੁੰਦੇ ਜੇ ਉਹਨਾਂ ਦੇ ਆਉਂਦਿਆਂ ਨੂੰ ਪਸ਼ੂਆਂ ਨੇ ਗੋਹਾ ਮਿੱਧਿਆ ਪਿਆ ਹੁੰਦਾ,ਬਸ ਸਾਡੀ ਸ਼ਾਮਤ ਆ ਜਾਂਦੀ, ਗੁੱਸੇ ਵੀ ਹੁੰਦੇ ਤੇ ਪਿਆਰ ਨਾਲ ਵੀ ਆਖਦੇ ‘ ਹੱਥ ਨਾਲ ਤਾਂ ਨਹੀਂ ਸੀ ਚੁੱਕਣਾ ਗੋਹਾ ,ਫੌੜੇ ਨਾਲ ਈ ਹਟਾਉਣਾ ਸੀ ਭਾਈ ,ਧਿਆਨ ਰੱਖਿਆ ਕਰੋ ਗੋਹਾ ਮਿੱਧਿਆ ਚੰਗਾ ਵੀ ਨਹੀਂ ਲਗਦਾ ਤੇ ਦੂਜਾ ਜਦੋਂ ਪਸ਼ੂ ਬੈਠ ਜਾਂਦੇ ਨੇ ਉਹਨਾਂ ਦਾ ਪਿੰਡਾ ਵੀ ਲਿੱਬੜ ਜਾਂਦਾ। ਜੇ ਇਕ ਫੌੜੇ ਦਾ ਡੰਡਾ ਢਿੱਲਾ ਪੈ ਜਾਣਾ ,ਉਹਨਾਂ ਦੂਜਾ ਕੱਢ ਲੈਣਾ ਤੇ ਨੁਕਸ ਵਾਲੇ ਨੂੰ ਕਾਰਖਾਨੇ ਮਿਸਤਰੀ ਤੋਂ ਜਦੇ ਠੀਕ ਕਰਾਉਣਾ ਤੇ ਨਾਲੇ ਕਹਿਣਾ ਫੌੜੇ ਬਿਨਾਂ ਤਾਂ ਝੱਟ ਨੀ ਸਰਦਾ।
ਦੂਜਾ ਕੰਮ ਵੀ ਫੌੜੇ ਤੋਂ ਲਿਆ ਜਾਂਦਾ ਸੀ ਜਦੋਂ ਮੱਕੀ ਛੱਲੀਆਂ ਵਿੱਚੋਂ ਕੱਢ ਲਈ ਜਾਂਦੀ ਤੇ ਜਦੋਂ ਵਿਹੜੇ ਚ ਸੁਕਾਈ ਜਾਂਦੀ ਤਾਂ ਫੌੜਾ ਚੰਗੀ ਤਰਾਂ ਧੋ ਸੰਵਾਰ ਕੇ ਉਹਦੇ ਨਾਲ ਦੂਰ ਤੱਕ ਸੁਕਣ ਲਈ ਖਿੰਡਾ,ਵਿਛਾ ਦਿੱਤੀ ਜਾਂਦੀ।
ਜੇ ਕਿਸੇ ਦੇ ਲੜਾਈ ਹੋਣੀ ਤਾਂ ਗੁੱਸੇ ਵਿੱਚ ਇਹ ਵੀ ਕਿਹਾ ਜਾਂਦਾ, ਪਰਾਂ ਹੋ ਜਾ, ਫੌੜਾ ਮਾਰੂੰ ਸਿਰ ਚ
** ਵੀਰ ਦੇ ਵਿਆਹ ਚ ਬੋਲੀ ਵੀ ਪਾਈ ਜਾਂਦੀ
** ਫੌੜਾ ਫੌੜਾ ਨੀ ਅੱਜ ਮੇਰੇ ਵੀਰ ਦਾ ਭੱਜਿਆ ਫਿਰੂਗਾ ਸੋਹਰਾ।
ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top