ਬੂਟੀਆਂ ਵਾਲਾ ਝੋਲਾ

Share on

** ਵਿਸਰਦਾ ਜਾਂਦਾ ਵਿਰਸਾ _ ਬੂਟੀਆਂ ਵਾਲਾ ਝੋਲਾ

ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ ਪਰ ਸਮੇਂ ਦੇ ਬਦਲਾਅ ਤੇ ਮਾਡਰਨਪੁਣੇ ਨਾਲ ਸਾਡੇ ਪੰਜਾਬੀ ਦੇ ਵਿਰਸੇ ਵਿੱਚੋਂ ਇਹ ਲੁਪਤ ਹੀ ਹੋ ਗਿਆ ਸਮਝੋ। ਪਹਿਲੇ ਸਮਿਆਂ ਚ ਖੱਦਰ ਕੇਸਮੈਂਟ ਦਸੂਤੀ ਦੇ ਬੂਟੀਆਂ ਵਾਲੇ ਝੋਲੇ ਦਾ ਬਹੁਤ ਰਿਵਾਜ ਸੀ। ਕੁੜੀਆ,ਚਿੜੀਆਂ ਜਦੋਂ ਆਪਣਾ ਦਾਜ ਤਿਆਰ ਕਰਦੀਆਂ ਤਾਂ ਉਹ ਦਾਜ ਲਈ ਝੋਲੇ ਵੀ ਕੱਢਦੀਆਂ ਸੀ। ਝੋਲੇ ਰੰਗਦਾਰ ਕੱਪੜੇ ਦੇ ਵੀ ਬਣਾਏ ਜਾਂਦੇ ਸਨ ਪਰ ਜਿਆਦਾਤਰ ਝੋਲੇ ਚਿੱਟੀ ਦਸੂਤੀ ਤੇ ਕੱਢੇ ਜਾਂਦੇ।ਇਹਦੇ ਦੋਵੇਂ ਪਾਸੇ ਫੁੱਲ ਬੂੱਟੇ ਜਾਂ ਮੋਰ ਤੋਤੇ ਦਸੂਤੀ ਦੇ ਟਾਂਕੇ ਵਿੱਚ ਕੱਢੇ ਜਾਂਦੇ। ਕੱਪੜੇ ਤੇ ਕਢਾਈ ਕਰਕੇ ਝੋਲਾ ਸਿਉਂਤਾ ਜਾਂਦਾ ,ਇਹਦੇ ਵਿੱਚ ਮਜਬੂਤੀ ਲਈ ਕੱਪੜਾ ਲਾਇਆ ਜਾਂਦਾ ਤੇ ਆਲੇ ਦੁਆਲੇ ਸਜਾਵਟ ਲਈ ਲੈਸ ਵੀ ਲਾਈ ਜਾਂਦੀ ਜੋ ਝੋਲੇ ਦੀ ਸਜਾਵਟ ਵਿੱਚ ਹੋਰ ਵਾਧਾ ਕਰਦੀ। ਉਪਰੋਂ ਫੜਨ ਲਈ ਝੋਲੇ ਨੂੰ ਤਣੀਆਂ ਲਾਈਆਂ ਜਾਂਦੀਆਂ ਤੇ ਕਈ ਵਾਰ ਤਣੀਆਂ ਤੇ ਵੀ ਕਢਾਈ ਕਰ ਦਿੱਤੀ ਜਾਂਦੀ।ਉਦੋਂ ਇਹ ਝੋਲੇ ਰੰਗ ਬਰੰਗੇ ਧਾਗਿਆਂ ਦੇ ਗੋਲੇ ਜਾ ਗੁੱਛੀਆਂ ਦੇ ਧਾਗਿਆਂ ਨਾਲ ਕੱਢੇ ਜਾਂਦੇ ਸਨ। ਜਿਨਾਂ ਨੂੰ ਲੰਗਰ ਦੇ ਗੋਲੇ ਜਾਂ ਗੁੱਛੀਆਂ ਕਿਹਾ ਜਾਂਦਾ ਸੀ।ਸਾਡੀ ਤ੍ਰਾਸਦੀ ਹੈ ਕਿ ਅਸੀਂ ਇਸ ਆਪਣੇ ਅਮੀਰ ਸੱਭਿਆਚਾਰ ਦੀ ਇਸ ਵੰਨਗੀ ਨੂੰ ਭੁੱਲਾ ਹੀ ਦਿੱਤਾ। ਇਹ ਝੋਲੇ ਬੀਬੀਆਂ ਦਰੀ ਵਾਂਗ ਤੇ ਖੱਡੀ ਤੇ ਵੀ ਬੁਣ ਲੈਂਦੀਆਂ ਸੀ।ਦਾਜ ਲਈ ਇਹ ਝੋਲੇ ਪੂਰੀ ਰੀਝ ਨਾਲ ਤਿਆਰ ਕੀਤੇ ਜਾਂਦੇ ਜਦੋਂ ਇਹੋ ਜਿਹਾ ਸਮਾਨ ਦਾਜ ਵਿੱਚ ਹੁੰਦਾ ਤਾਂ ਬੀਬੀਆਂ ਦਾਜ ਤੋਂ ਈ ਲੱਖਣ ਲਾ ਲੈਂਦੀਆਂ ਸੀ ਕਿ ਜੋ ਵਿਆਹ ਕੇ ਆਈ ਆ ਉਹ ਕਿੰਨੀ ਕੁ ਸਚਿਆਰੀ ਤੇ ਹੁਨਰਮੰਦ ਆ।
ਪਿੰਡੋਂ ਸ਼ਹਿਰ ਜਾਣ ਵੇਲੇ ਵੀ ਝੋਲਾ ਸਾਈਕਲ ਨਾਲ ਟੰਗਿਆ ਜਾਂਦਾ ਸੀ। ਜਦੋਂ ਘਰ ਦਾ ਲਾਣੇਦਾਰ ਬਜ਼ੁਰਗ ਸ਼ਹਿਰੋਂ ਆਉਂਦਾ ਤਾਂ ਘਰ ਦੇ ਜੁਆਕਾਂ ਦੀ ਅੱਖ ਝੋਲੇ ਤੇ ਹੁੰਦੀ ਕਿ ਹੁਣ ਝੋਲੇ ਵਿੱਚੋਂ ਖਾਣ ਨੂੰ ਵੀ ਕੁੱਝ ਨਿਕਲੇਗਾ। ਵੀਰ ਜਦੋਂ ਆਪਣੀ ਭੈਣ ਨੂੰ ਉਹਦੇ ਸਹੁਰੇ ਪਿੰਡ ਸੰਧਾਰਾ ਦੇਣ ਜਾਂਦਾ ਤਾਂ ਇਕ ਹੱਥ ਵਿੱਚ ਜੇ ਪੀਪਾ ਹੁੰਦਾ ਤਾਂ ਦੂਜੇ ਹੱਥ ਵਿੱਚ ਬੂਟੀਆਂ ਵਾਲਾ ਝੋਲਾ ਹੁੰਦਾ।ਪਿੰਡੋਂ ਜੇ ਖੇਤਾਂ ਦੀ ਵਾਟ ਦੂਰ ਹੁੰਦੀ ਤਾਂ ਝੋਲਾ ਖੇਤ ਰੋਟੀ ਦੇਣ ਦੇ ਵੀ ਕੰਮ ਆਉਂਦਾ। ਬੱਚੇ ਉਦੋਂ ਤਾਂ ਇਹਨਾਂ ਝੋਲਿਆਂ ਚ ਕਿਤਾਬਾਂ ਪਾ ਕੇ ਪੜਨ ਜਾਂਦੇ ਸਨ।ਆਹ ਹੁਣ ਤਰਾਂ ਤਰਾਂ ਦੇ ਬੈਗ ਚੱਲ ਪਏ ਨੇ ਪਹਿਲੇ ਸਮਿਆਂ ਵਿੱਚ ਨਵੀਂ ਵਿਆਹੀ ਜੋੜੀ ਵੀ ਆਉਣ ਜਾਣ ਵੇਲੇ ਝੋਲੇ ਦੀ ਵਰਤੋਂ ਕਰਦੀ ,ਉਹਨਾਂ ਦੇ ਸਾਈਕਲ ਨਾਲ ਵੀ ਸੋਹਣਾ ਬੂਟੀਆਂ ਵਾਲਾ ਝੋਲਾ ਲਮਕਦਾ ਹੁੰਦਾ ਸੀ।ਇਹ ਬੂਟੀਆਂ ਵਾਲਾ ਝੋਲਾ ਹਰ ਦੁੱਖ ਸੁੱਖ ਦਾ ਹਿੱਸਾ ਹੁੰਦਾ।ਦੁੱਖ ਆ ਇਸ ਗੱਲ ਦਾ ਅੱਜ ਨਵੇਂ ਜਮਾਨੇ ਨੇ,ਨਵੀਂ ਪੀੜੀ ਨੇ ਇਸ ਵਿਰਸੇ ਨੂੰ ਪਿਛਾਂਹ ਕਰ ਦਿੱਤਾ,ਵਿਸਾਰ ਦਿੱਤਾ। ਬਹੁਤਿਆਂ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ। ਇਸ ਝੋਲੇ ਦੀ ਥਾਂ ਹੁਣ ਪਲਾਸਟਿਕ ਨੇ ਲੈ ਲਈ ਹੈ। ਜਿਸਦੇ ਬਹੁਤ ਜਿਆਦਾ ਨੁਕਸਾਨ ਹਨ ਤੇ ਨਤੀਜੇ ਅਸੀਂ ਭੁਗਤ ਰਹੇ ਹਾਂ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਭੁਗਤਣਗੀਆਂ। ਇਹ ਬੂਟੀਆਂ ਵਾਲੇ ਝੋਲੇ ਤਾਂ ਹੁਣ ਸਿਰਫ ਸੱਭਿਆਚਾਰਕ ਮੇਲਿਆਂ ,ਤੀਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਪਰ ਸਾਨੂੰ ਇਹਨਾਂ ਰੰਗਾਂ ਨੂੰ ਵੰਨਗੀਆਂ ਨੂੰ ਮੁੜ ਤੋਂ ਸੁਰਜੀਤ ਕਰਨਾ ਚਾਹੀਦਾ ਇਸੇ ਲਈ ਮੈਂ ਆਪਣੇ ਵੀਰ9 ਹਰਭਜਨ ਮਾਨ ਨੂੰ ਹੱਥੀਂ ਝੋਲਾ ਬਣਾ ਕੇ ਦਿੱਤਾ। ਆਓ ਵਿਰਸੇ ਨੂੰ ਨਾ ਵਿਸਾਰੀਏ।
ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top