ਬੈਠਕ

Share on

ਬੈਠਕ ਦਾ ਮਤਲਬ ਬੈਠਣਾ,ਬੈਠਣ ਵਾਲੀ ਥਾਂ ਤੇ ਇਕ ਬੈਠਕ ਕਸਰਤ ਵੀ ਹੁੰਦੀ ਆ ਪਰ ਆਪਾਂ ਗੱਲ ਕਰਨੀ ਆ ਘਰ ਵਿੱਚਲੀ ਬੈਠਕ ਦੀ।ਪਹਿਲਾਂ ਘਰ ਕੱਚੇ ਹੁੰਦੇ ਸੀ ਪਰ ਇਨਸਾਨਾਂ ਦੇ ਮਨ ਪੱਕੇ ਹੁੰਦੇ ਸੀ,ਉਹ ਇਨਸਾਨ ਸੱਚੇ ਵੀ ਹੁੰਦੇ ਸੀ।
ਇਕ ਵੱਡੀ ਖੁੱਲ੍ਹੀ ਸਬਾਤ ਹੁੰਦੀ ਸੀ ,ਉਹਦੇ ਚ ਈ ਸਮਾਨ ਤੇ ਮੀਂਹ ਕਣੀ ਚ ਇਕ ਪਾਸੇ ਰਸੋਈ ਦਾ ਕੰਮ ਲਿਆ ਜਾਂਦਾ ਸੀ।ਇਕ ਡੰਗਰਾਂ ਵਾਲਾ ਕੋਠਾ ਪਰ ਇਹਨਾਂ ਤੋਂ ਇਲਾਵਾ ਘਰ ਚ ਇਕ * ਬੈਠਕ * ਹੁੰਦੀ ਸੀ ਜੋ ਉਸ ਵੇਲੇ ਦਾ ਡਰਾਇੰਗ ਰੂਮ ਹੁੰਦੀ ਸੀ।ਬੈਠਕ ਬਣਾਈ ਭਾਵੇਂ ਵਿਹੜੇ ਵਿੱਚ ਈ ਜਾਂਦੀ ਸੀ ਪਰ ਵਸੋਂ ਵਾਲੇ ਘਰ ਤੋਂ ਥੋੜੀ ਹੱਟਵੀਂ।ਬੈਠਕ ਨੂੰ ਆਮ ਤੌਰ ਤੇ ਦੋ ਦਰ( ਦਰਵਾਜ਼ੇ) ਰੱਖੇ ਜਾਂਦੇ ਸੀ ਇਕ ਦਰ ਵਿਹੜੇ ਵਿੱਚ ਖੁੱਲਦਾ ਤੇ ਇਕ ਗਲੀ ਵਿੱਚ ,ਇਕ ਵਾਰੀ ਹੁੰਦੀ ਸੀ।ਬੈਠਕ ਥੋੜੀ ਪਰਾਂ ਤਾ ਬਣਾਈ ਜਾਂਦੀ ਸੀ ਉਦੋਂ ਘਰਾਂ ਦਾ ਰਹਿਣ ਸਹਿਣ ਅੱਜ ਵਾਂਗ ਨਹੀਂ ਸੀ।ਘਰ ਦੇ ਸਤਿਕਾਰ ਯੋਗ ਬਜ਼ੁਰਗਾਂ ਤੋਂ ਨੂੰਹਾਂ ਪਰਦਾ ਕਰਦੀਆਂ ਸੀ ਤੇ ਬਜੁਰਗ ਵੀ ਆਪਣੇ ਆਪ ਨੂੰ ਥੋੜਾ ਪਰੇ ਰੱਖ ਕੇ ਖੁਸ਼ ਸਨ।ਗਲ ਕੀ ਬੈਠਕ ਤੇ ਜਿਆਦਾ ਹੱਕ ਬਜ਼ੁਰਗਾਂ ਦਾ ਈ ਸੀ।ਅੱਲ ਵੀ ਪੈ ਜਾਂਦੀ ਸੀ ,ਤਾਏ ਵਾਲੀ ਬੈਠਕ,ਬਾਪ ਜੀ ਦੀ ਬੈਠਕ ਬਾਬੇ ਵਾਲੀ ਤੇ ਬਾਬੇ ਬਿਸ਼ਨੇ ਦੀ ਬੈਠਕ।** ਬਾਬੇ ਬਿਸ਼ਨੇ ਦੀ ਬੈਠਕ ਨੂੰ ਗਾਇਕ ਹਰਭਜਨ ਮਾਨ ਨੇ ਬਹੁਤ ਸੋਹਣਾ ਗਾਇਆ।


ਬੈਠਕ ਨੂੰ ਪਰੇ ਤਾਂ ਵੀ ਬਣਾਇਆ ਜਾਂਦਾ ਸੀ ਕਈ ਵਾਰ ਕੋਈ ਓਪਰੇ ਆਦਮੀ ਵੀ ਘਰ ਆਂਉਦੇ ਜਾਂਦੇ ਸਨ।ਬੈਠਕਵਿਚ ਇਕ ਕੰਸ ਵੀ ਬਣੀ ਹੁੰਦੀ ਸੀ ਜਿਸ ਉੱਤੇ ਹੱਥੀਂ ਕੱਢਿਆ ਰੁਮਾਲ ਵਿਛਾਇਆ ਹੁੰਦਾ ਸੀ ਉਸ ਕੰਸ ਤੇ ਕਿਸੇ ਗੁਰੂ ਜੀ ਦੀ ਫੋਟੋ ਜਾਂ ,ਹੱਥੀਂ ਬਣਾਇਆ ਸਜਾਵਟੀ ਸਮਾਨ  ਰੱਖਿਆ ਜਾਂਦਾ ਸੀ।ਬੈਠਕ ਦੀ ਕੰਧ ਵਿੱਚ ਇਕ ਦੋ ਕੀਲੇ ਹੁੰਦੇ ਸੀ ,ਕੱਪੜੇ ਵਗੈਰਾ ਟੰਗਣ ਲਈ ਕਈ ਬੈਠਕਾਂ ਚ ਇਕ ਛੋਟੀ ਅਲਮਾਰੀ ਵੀ ਹੁੰਦੀ ਸੀ ਜਿਸ ਵਿੱਚ ਕੋਈ ਧਾਰਮਿਕ ਕਿਤਾਬ ਜਾਂ ਗੁਟਕਾ ਸਾਹਿਬ ਰੱਖੇ ਜਾਂਦੇ ਸਨ। ਦੋ ਮੰਜੇ ਸੂਤ ਦੇ ਬੈਠਕ ਵਿਚ ਡਹੇ ਹੁੰਦੇ, ਉਹਨਾਂ ਮੰਜਿਆਂ ਉਪਰ ਦਰੀਆਂ ਵਿਛਾ ਕੇ ਦਰੀਆਂ ਦੇ ਉਪਰੋਂ ਹੱਥੀਂ ਕਢਾਈ ਕੀਤੀਆਂ ਦਸੂਤੀ ਦੀਆਂ ਚਾਦਰਾਂ ਵਿਛਾਈਆਂ ਹੁੰਦੀਆਂ ਸੀ। ਉਦੋਂ ਕਿਸੇ ਸਰਦੇ ਪੁੱਜਦੇ ਘਰ ਚ ਈ ਸੋਫਾ ਤੇ ਕੁਰਸੀਆਂ ਹੁੰਦੀਆਂ ਸੀ।ਬੈਠਕ ਦੇ ਅੰਦਰ ਕੰਧ ਤੇ ਇਕ ਦੋ ਕੈਲੰਡਰ ਟੰਗੇ ਹੁੰਦੇ ਸਨ।ਬੈਠਕ ਬਾਕੀ ਘਰ ਨਾਲੋਂ ਸਜਾਈ ਹੁੰਦੀ ਸੀ।ਬੈਠਕ ਦੀ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਂਦਾ ਜੇ ਬੈਠਕ ਕੱਚੇ ਘਰ ਦੀ ਸੀ ਤਾਂ ਪੀਲੀ ਮਿੱਟੀ ਨਾਲ ਲਿੱਪ, ਪੋਚ ਕੇ ਪਾਂਡੂ ਵੀ ਫੇਰਿਆ ਜਾਂਦਾ ਸੀ।

 

ਕੱਚੇ ਘਰ ਦੀ ਬੈਠਕ ਵਿਚ ਪਾਣੀ ਛਿੜਕ ਕੇ ਝਾੜੂ ਲਾਇਆ ਜਾਂਦਾ ਜੇ ਫਰਸ਼ ਪੱਕਾ ਹੁੰਦਾ ਤਾਂ ਪੋਚਾ ਫੇਰਿਆ ਜਾਂਦਾ ਸੀ।ਹਰ ਸਵੇਰ ਸਭ ਤੋਂ ਪਹਿਲਾਂ ਬੈਠਕ ਦੀ ਸਫਾਈ ਹੁੰਦੀ ਸੀ ਕਿਉਂਕਿ ਘਰ ਆਏ ਪਰੌਣਿਆ,ਧਰੌਣਿਆਂ ਨੂੰ ਬੈਠਕ ਵਿੱਚ ਬਿਠਾ ਕੇ ਆਓ ਭਗਤ ਕੀਤੀ ਜਾਂਦੀ ਸੀ।ਜਦੋਂ ਕਦੇ ਮੀਂਹ ਦੀ ਝੜੀ ਲੱਗ ਜਾਣੀ ਜਾਂ ਖੇਤੀਬਾੜੀ ਵੱਲੋਂ ਵਿਹਲ ਹੋਣੀ ਤਾਂ ਬੈਠਕ ਚ ਰਾਜਨੀਤੀ ਤੇ ਵਿਚਾਰਾਂ ਵੀ ਹੁੰਦੀਆਂ ਸਨ। ਸਮੇਂ ਦੇ ਬਦਲਣ ਨਾਲ ਬਹੁਤ ਕੁੱਝ ਬਦਲ ਗਿਆ, ਵੱਡੀਆਂ ਵੱਡੀਆਂ ਕੋਠੀਆਂ ਚ ਵੱਡੇ ਵੱਡੇ ਡਰਾਇੰਗ ਰੂਮ ਬੈਠਣ ਲਈ ਨਹੀਂ ਬਹੁਤਿਆਂ ਦੇ ਦਿਖਾਵੇ ਲਈ  ਹਨ ਪਰ ਉਹ ਬੈਠਕ ਆਧੁਨਿਕ ਡਰਾਇੰਗ ਰੂਮ ਨਾਲੋਂ ਸੋਹਣੀ ਲਗਦੀ ਸੀ ਤੇ ਸਕੂਨ ਦਿੰਦੀ ਸੀ। ਕਿਸੇ ਨੇ ਠੀਕ ਈ ਕਿਹਾ, ਅੱਗੇ ਨਾਲੋਂ ਪਿੱਛਾ ਭਲਾ।

ਜਤਿੰਦਰ ਕੌਰ ਬੁਆਲ ਸਮਰਾਲਾ

pr-admin

One thought on “ਬੈਠਕ

Leave a Reply

Your email address will not be published. Required fields are marked *

Back to top