ਅਲੋਪ ਹੋ ਰਹੇ ਸਾਡੇ ਵਡੇਰਿਆਂ ਦੇ ਬੱਲਬ – ਲਾਲਟੈਣ ਤੇ ਲੈਂਪ

Share on

ਜਦੋਂ ਬਿਜਲੀ ਨਹੀਂ ਸੀ ਆਈ ਤਾਂ ਸਾਡੇ ਬਜ਼ੁਰਗ ਰੌਸ਼ਨੀ ਲਈ ਲਾਲਟੈਣ ਤੇ ਲੈਂਪ ਵਰਤਦੇ ਸਨ।ਸਾਡੇ ਪੰਜਾਬੀ ਸੱਭਿਆਚਾਰ,ਵਿਰਸੇ ਵਿੱਚ ਹਰੇਕ ਚੀਜ ਦੀ ਆਪਣੀ ਮਹੱਤਤਾ ਹੈ। ਕੁੱਝ ਦਹਾਕੇ ਪਹਿਲਾਂ ਜਿਹੜੀਆਂ ਚੀਜਾਂ ਦੀ ਬੜੀ ਮਹੱਤਤਾ ਹੁੰਦੀ ਸੀ ਉਨ੍ਹਾਂ ਵਿਚੋਂ ਕੁੱਝ ਅੱਜ ਦੇ ਨਵੇਂ ਜਮਾਨੇ ਦੇ ਦੌਰ ਵਿੱਚੋਂ ਹੌਲੀ ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ।ਉਹਨਾਂ ਵਿੱਚੋਂ ਈ ਹਨ ਲਾਲਟੈਣ ਤੇ ਲੈਂਪ।

ਪੁਰਾਣੇ ਸਮੇਂ ਵਿੱਚ ਲਾਲਟੈਣ ਵਿਅਕਤੀ ਲਈ ਰਾਹ ਦਸੇਰਾ ਸੀ ਇਹ ਲੋਹੇ ਦੀਆਂ ਪੱਤੀਆਂ ਤੋ ਤਿਆਰ ਕੀਤੀ ਜਾਂਦੀ ਸੀ।ਹੇਠਾਂ ਗੋਲ ਅਕਾਰ ਦੀ ਤੇਲ ਵਾਲੀ ਟੈਂਕੀ ਹੁੰਦੀ ਇਸ ਵਿਚੋਂ ਰੂੰ ਦੀ ਬੱਤੀ ਉਪਰ ਨੂੰ ਕੱਢੀ ਹੁੰਦੀ ਤੇ ਉੱਪਰ ਕੱਚ ਦੀ ਗੋਲ ਅਕਾਰ ਦੀ ਚਿਮਨੀ ਹੁੰਦੀ ਜਿਸ ਦੇ ਦੁਆਲੇ ਪਤਲੀਆਂ ਤਾਰਾਂ ਪਾਈਆਂ ਹੁੰਦੀਆਂ ।ਉੱਪਰ ਇਕ ਤਾਰ ਦਾ ਬਣਿਆ ਹੈਂਡਲ ਬਣਿਆ ਹੁੰਦਾ ਜਿਸ ਤੋਂ ਫੜ ਕੇ ਲਾਲਟੈਣ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਜਾਂਦਾ ।ਇਹਦੇ ਇਕ ਪਾਸੇ ਗੋਲ ਅਕਾਰ ਦੀ ਟੈਂਕੀ ਉਪਰ ਈ ਇਕ ਚਾਬੀ ਲੱਗੀ ਹੁੰਦੀ ਜਿਸ ਨਾਲ ਬੱਤੀ ਨੂੰ ਉੱਪਰ ਥੱਲੇ ਕਰਕੇ ਚਾਨਣ ਵਧਾਇਆ, ਘਟਾਇਆ ਜਾ ਸਕਦਾ।ਸ਼ੀਸ਼ੇ ਦੀ ਚਿਮਨੀ ਨੂੰ ਉਪਰ ਚੱਕ ਕੇ ,ਲਾਲਟੈਣ ਜਗਾ ਕੇ,ਚਿਮਨੀ ਫੇਰ ਹੇਠਾਂ ਕਰ ਦਿੱਤੀ ਜਾਂਦੀ ।ਸ਼ਾਮ ਹੁੰਦੀ ਸਾਰ ਸਵਾਣੀਆਂ ਲਾਲਟੈਣ ਦੀ ਚਿਮਨੀ ਸਾਫ ਕਰਦੀਆਂ ਉਸ ਵਿੱਚ ਤੇਲ ਵੇਖਦੀਆਂ, ਜਗਾ ਕੇ ਕੰਧ ਨਾਲ ਟੰਗ ਦਿੰਦੀਆਂ ਸਨ।ਜਦੋਂ ਸੂਰਜ ਡੁੱਬਦਾ ਤਾਂ ਹਰੇਕ ਘਰ ਲਾਲਟੈਣ ਜਗ ਪੈਂਦੀ ਸੀ। ਲਾਲਟੈਣ ਦਾ ਚਾਨਣ ਵੀ ਪੂਰਾ ਹੁੰਦਾ ਸੀ। ਰੋਟੀ ਟੁੱਕ ਤੇ ਹੋਰ ਕੰਮ ਵੀ ਇਹਦੇ ਚਾਨਣ ਚੀ ਈ ਕੀਤੇ ਜਾਂਦੇ ਸਨ।

ਜੇ ਰੇੜੀਆਂ, ਗੱਡੇ ਤੇ ਤੜਕਿਓਂ ਫਸਲ ਮੰਡੀ ਲੈ ਕੇ ਜਾਣੀ ਤਾਂ ਵੀ ਲਾਲਟੈਨ ਜਗਾ ਕੇ ਨਾਲ ਟੰਗ ਲਈ ਜਾਂਦੀ ਸੀ। ਉਸ ਸਮੇਂ ਪੜਾਈ ਵੀ ਲਾਲਟੈਣ ਤੇ ਲੈਂਪ ਦੇ ਚਾਨਣੇ ਵਿੱਚ ਕੀਤੀ ਜਾਂਦੀ ਸੀ।

ਲੈਂਪ ਬਹੁਤੇ ਘਰਾਂ ਵਿੱਚ ਨਹੀਂ ਸੀ ਹੁੰਦਾ।ਜਿਸ ਘਰ ਲੈਂਪ ਹੁੰਦਾ ਸੀ ਉਹ ਘਰ ਅਮੀਰਾਂ ਚ ਗਿਣਿਆ ਜਾਂਦਾ ਸੀ। ਲੈਂਪ ਦੀ ਥਾਂ ਜਿਆਦਾਤਰ ਬੈਠਕ ਚ ਹੁੰਦੀ ਸੀ।ਲੈਂਪ ਦੋ ਤਰ੍ਹਾਂ ਦਾ ਹੁੰਦਾ। ਇਕ ਲੈਂਪ ਸਾਰਾ ਕੱਚ ਦਾ ਈ ਬਣਿਆ ਹੁੰਦਾ ਸੀ ,ਉਹਦੀ ਤੇਲ ਵਾਲੀ ਟੈਂਕੀ ਵੀ ਕੱਚ ਦੀ ਈ ਹੁੰਦੀ ਸੀ ਤੇ ਉਪਰ ਗਲਾਸ ,ਸੁਰਾਹੀ ਵਾਂਗ ਥੋੜੀ ਜਿਹੀ ਘੁਟਵੀਂ ਚਿਮਨੀ ,ਜਿਸ ਵਿੱਚ ਬੱਤੀ ਜਗਦੀ ਸੀ ਤੇ ਕਈ ਲੈਪਾਂ ਦੀ ਤੇਲ ਵਾਲੀ ਟੈਂਕੀ ਲੋਹੇ ਦੀ ਹੁੰਦੀ ਸੀ।ਤੇਲ ਵਾਲੀ ਟੈਂਕੀ ਦੇ ਉਪਰ ਲਾਲਟੈਣ ਵਾਂਗ ਈ ਇਕ ਚਾਬੀ ਲੱਗੀ ਹੁੰਦੀ ਸੀ ਜਿਥੋਂ ਬੱਤੀ ਉਪਰ ਹੇਠਾਂ ਹੁੰਦਾ ਸੀ।ਚਿਮਨੀ ਦਾ ਮੂੰਹ ਉਪਰੋਂ ਖੁੱਲਾ ਹੁੰਦਾ ਤੇ ਕਈ ਵਾਰ ਹਵਾ ਪੈ ਜਾਂਦੀ ਤਾਂ ਲੈਂਪ ਬੁੱਝ ਜਾਂਦਾ। ਲੈਂਪ ਦੀ ਬਣਤਰ ਵੀ ਬਹੁਤ ਸੋਹਣੀ ਲਗਦੀ ਸੀ।ਖਾਸ ਕਰਕੇ ਲੈਂਪ ਘਰ ਚ ਆਏ ਗਏ ਲਈ ਜੋ ਬੈਠਕ ਹੁੰਦੀ ਸੀ ਉਥੇ ਕੰਸ ਤੇ ਰੱਖਿਆ ਜਾਂਦਾ ਸੀ। ਜਦੋਂ ਘਰਾਂ ਚ ਬਿਜਲੀ ਵੀ ਆ ਗਈ ਸੀ ਤਾਂ ਵੀ ਘਰ ਦੀਆਂ ਸਵਾਣੀਆਂ ਦਿਨੇ ਦਿਨ ਲਾਲਟੈਣ ਤੇ ਲੈਂਪ ਦੀਆਂ ਚਿਮਨੀਆਂ ਸਾਫ ਕਰਦੀਆਂ ਤੇਲ ਚੈਕ ਕਰਕੇ ,ਤਿਆਰ ਰੱਖਦੀਆਂ ਨਾਲੇ ਆਖਦੀਆਂ ਜੈ ਖਾਣੀ ਬਿਜਲੀ ਦਾ ਕੀ ਵਸਾਹ ਕਦ ਭੱਜ ਜਾਵੇ। ਭਾਵੇਂ ਇਹ ਵਸਤਾਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਹਨ ਪਰ ਫੇਰ ਵੀ ਅਜੇ ਮਿੱਤਰ ਪਿਆਰੇ ਹੈਗੇ ਜੋ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਨੇ ਉਹ ਆਪਣੇ ਘਰਾਂ ਵਿੱਚ ਇਹਨਾਂ ਨੂੰ ਅੱਜ ਵੀ ਸੰਭਾਲੀ ਬੈਠੇ ਨੇ।ਇਹ ਵਸਤਾਂ ਸਾਨੂੰ ਵਿਰਾਸਤੀ ਮੇਲਿਆਂ ਵਿੱਚ ਵੀ ਵੇਖਣ ਨੂੰ ਮਿਲਦੀਆਂ ਹਨ ਜੇ ਅਜੇ ਵੀ ਤੁਹਾਡੇ ਘਰਾਂ ਚ ਇਹੋ ਜਿਹੀਆਂ ਪੁਰਾਤਨ ਵਸਤੂਆਂ ਹੈਗੀਆਂ ਤਾਂ ਉਹਨਾਂ ਨੂੰ ਜਰੂਰ ਸੰਭਾਲੋ।

ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top