ਲਿੱਪਣਾ ਵੀ ਇੱਕ ਕਲਾ ਹੈ।

Share on

ਲਿੱਪਣਾ ਵੀ ਹਰੇਕ ਇਸਤਰੀ ਦੇ ਵਸ ਦਾ ਕੰਮ ਨਹੀਂ, ਇਹ ਇਕ ਕਲਾ ਹੈ।ਮੈਂ ਆਪਣੇ ਬਚਪਨ ਚ ਆਪਣੀ ਮਾਤਾ ਤੇ ਆਂਢ- ਗੁਆਂਢ ਚ ਬੀਬੀਆਂ ਭੈਣਾਂ ਨੂੰ ਲਿੱਪਦੇ ਵੇਖਿਆ। ਜੋ ਅੱਜ ਦਾ ਰਾਜ ਮਿਸਤਰੀ ਪਲੱਸਤਰ ਕਰਦਿਆਂ ਗੁਰਮਾਲਾ ਫੇਰਦਿਆਂ ਸਫਾਈ ਲਿਆਉਂਦਾ? ਬੀਬੀਆਂ ਦੇ ਹੱਥਾਂ ਚ ਈ ਜਾਦੂ ਸੀ, ਏਨਾ ਸੋਹਣਾ ਲਿਪਣ ਵੇਲੇ ਉਹ ਆਪਣੇ ਹੱਥਾਂ ਨਾਲ ਗਰਮਾਲੇ ਤੋਂ ਵੱਧ ਸਫਾਈ ਨਾਲ ਕੰਮ ਕਰਦੀਆਂ ਸੀ।ਸਦਕੇ ਜਾਈਏ ਇਕ ਵਾਰੀ ਤਾਂ ਲਿੱਪ ਪੋਚ ਕੇ ਥਾਂ ਆਏਂ ਸੰਵਾਰ ਦਿੰਦੀਆਂ ਸੀ ਭਾਵੇਂ ਭੁੰਜਿਓਂ ਚੀਜ ਚੁੱਕ ਖਾ ਲਵੋ।ਧੰਨ ਸਾਡੀਆਂ ਬੀਬੀਆਂ, ਭੈਣਾਂ ਪਹਿਲਾਂ ਬਾਹਰੋਂ ਟੋਇਆਂ ਚੋਂ ਪੀਲੀ ਮਿੱਟੀ ਮੰਗਾਉਂਦੀਆਂ ਕਈ ਵਾਰ ਆਪ ਸਿਰਾਂ ਤੇ ਕੜਾਈਆਂ( ਤਸਲਿਆਂ) ਚ ਢੋਂਹਦੀਆਂ।ਘਰ ਆਈ ਪੀਲੀ ਮਿੱਟੀ ਨੂੰ ਭਿਉਂਦੀਆਂ।ਲਿੱਪਣ ਤੋਂ ਪਹਿਲਾਂ ਟੋਭੇ ਦੀ ਮਿੱਟੀ ਚ ਤੂੜੀ ਰਲਾ ਕੇ ਕੰਧਾਂ, ਖੁਰਲੀਆਂ ਆਦਿ ਦੇ ਖੱਡੇ( ਡੈਟਿੰਗ) ਭਰਦੀਆਂ ।ਪੀਲੀ ਮਿੱਟੀ ਚ ਪਸ਼ੂਆਂ ਦਾ ਗਿੱਲਾ ਗੋਹਾ ਰਲਾਉਂਦੀਆਂ(ਮਿਕਸ)
ਮਿੱਟੀ ਗੋਹੇ ਨੂੰ ਮੱਧ ਕੇ ਇਕ ਜਾਨ ਕਰਦੀਆਂ, ਬਈ ਕੋਈ ਰੋੜੋ ਵਗੈਰਾ ਨਾ ਰਹਿ ਜਾਵੇ ਜੇ ਵਿੱਚ ਰੋੜੀਆਂ ਰਹਿ ਜਾਣ ਫੇਰ ਸਫਾਈ ਨਹੀਂ ਸੀ ਆਉਂਦੀ।ਜਦੋਂ ਗੋਹਾ ਤੇ ਮਿੱਟੀ ਚੰਗੀ ਤਰਾਂ ਰਲ ਜਾਂਦੇ ,ਪਾਣੀ ਦਾ ਛਿੜਕਾਅ ਕਰਕੇ ਲਿੱਪਣਾ ਸ਼ੁਰੂ ਕਰਦੀਆਂ ।ਸਾਨੂੰ ਵਰਜਦੀਆਂ ਪੈੜਾਂ ਨਾ ਕਰਿਓ ।ਮੈਨੂੰ ਅੱਜ ਵੀ ਯਾਦ ਆ ਪਿੰਡ ਸਾਡਾ ਵਾਹਵਾ ਖੁੱਲਾ ਵਿਹੜਾ ਸੀ,ਅੱਧੇ ਚ ਇੱਟਾਂ ਵਾਲਾ ਫਰਸ਼ ਤੇ ਅੱਧਾ ਕੱਚਾ।ਸਾਡੀ ਮਾਤਾ ਨੇ ਉਹ ਫਸਲ ਘਰ ਆਉਣ ਵੇਲੇ ਤੇ ਤਿਉਹਾਰਾਂ ਸਮੇਂ ਉਹ ਜਰੂਰ ਲਿੱਪਣਾ।ਸਾਡੇ ਵਰਗਿਆਂ ਨੇ ਮੂਹਰੇ ਮੂਹਰੇ ਲਿੱਪੀ ਜਾਣਾ ,ਕੱਪੜੇ ਮਿੱਟੀ ਨਾਲ ਲਿਬੇੜ ਕੇ ਝਿੜਕਾਂ ਵੀ ਖਾ ਲੈਣੀਆਂ।ਬੀਬੀਆਂ ਬਹੁਤ ਰੀਝ ਨਾਲ ਲਿੱਪਦੀਆਂ ਸਨ,ਕੀ ਮਜਾਲ ਉਹਨਾਂ ਦੇ ਕੱਪੜਿਆਂ ਨੂੰ ਮਿੱਟੀ ਲੱਗ ਜਾਵੇ,ਬਹੁਤ ਸਚਿਆਰੀਆਂ ਸਾਡੀਆਂ ਬੀਬੀਆਂ।
ਕੱਚੇ ਕੋਠੇ ਬਰਸਾਤ ਤੋਂ ਪਹਿਲਾਂ ਜਰੂਰ ਲਿੱਪਣੇ।ਤਾਂ ਹੀ ਗੀਤਾਂ ਚ ਇਕ ਧੀ ਆਪਣੇ ਬਾਬਲ ਨੂੰ ਆਖਦੀ ਆ
* ਪੱਕਾ ਘਰ ਟੋਲੀ ਬਾਬਲਾ ,ਕਿਤੇ ਲਿੱਪਣੇ ਨਾ ਪੈਣ ਬਨੇਰੇ *


ਬਨੇਰੇ ਤੇ ਵੀ ਪੂਰੀ ਰੀਝ ਲਗਦੀ ਸੀ,ਬਨੇਰਾ ਸਾਹਮਣੇ ਤੋਂ ਜੋ ਦਿੱਸਦਾ ਸੀ।ਸਿਆਣਿਆਂ ਦੀ ਕਹਾਵਤ ਹੈ ਕਿ ਘਰ ਬਨੇਰਿਆਂ ਤੋਂ ਪਛਾਣਿਆ ਜਾਂਦਾ ਸੀ।ਲਿੱਪ, ਲਿਪਾਈ ਤੋਂ ਵੀ ਸਚਿਆਰੀ ਔਰਤ ਦੀ ਪਰਖ ਕੀਤੀ ਜਾਂਦੀ ਸੀ।ਵਿੱਚੇ ਕਹਿ ਦਿੰਦੀਆਂ ਸੀ ,ਨੀ ਛੱਡ ਪਰਾਂ, ਲਿੱਪਿਆ ਦੇਖੀਂ ਉਹਦਾ ,ਉਹੋ ਜਿਹਾ ਤਾਂ ਮੈਂ ਪੈਰਾਂ ਨਾਲ ਲਿੱਪ ਦੇਵਾਂ।ਕਈਆਂ ਦੇ ਹੱਥ ਏਨੀ ਸਫਾਈ ਨਹੀਂ ਹੁੰਦੀ ਉਹ ਮੋਟਾ,ਮੋਟਾ ਲਿੱਪ ਕੇ ਕੰਮ ਸਾਰ ਲੈਂਦੀਆਂ ।
ਡੰਗਰਾਂ, ਕੱਟੜੂਆਂ, ਵੱਛੜੂਆਂ ਦੀ ਖੁਰਲੀ ਛੇਤੀ ਲਿੱਪਣੀ ਪੈਂਦੀ ਬਈ ਕਿਤੇ ਪੱਠੇ ਤੱਥਿਆਂ ਚ ਮਿੱਟੀ ਨਾ ਰਲੇ।
ਕਮਰਿਆਂ ਨੂੰ ( ਕੱਚੇ ਕੋਠੇ) ਅੰਦਰੋਂ ਲਿੱਪ ਕੇ ਫੇਰ ਪਾਂਡੂ ਦਾ ਪੋਚਾ ਫੇਰਦੀਆਂ ਉਸ ਪਾਂਡੂ ਦੀ ਮਿੱਠੀ ਮਿੱਠੀ ਖੁਸ਼ਬੂ ਆਉਂਦੀ ਰਹਿੰਦੀ ਜੋ ਮਨ ਨੂੰ ਡਾਹਢੀ ਚੰਗੀ ਲਗਦੀ ਸੀ। ਬੀਬੀਆਂ ਚੌਂਕੇ ਚੁੱਲ੍ਹੇ ਤੇ ਵੀ ਪੂਰੀਆਂ ਰੀਝਾਂ ਲਾਉਂਦੀਆਂ ਸੀ ਜਦੋਂ ਚੁੱਲ੍ਹੇ, ਲੋਹ ਨੂੰ ਮਿੱਟੀ ਫੇਰ ਕੇ ,ਪਾਂਡੂ ਫੇਰ ਦੇਣਾ ਅਸੀਂ ਆਖਣਾ ਹੁਣ ਇਹਨਾਂ ਚ ਅੱਗ ਬਾਲਣ ਨੂੰ ਦਿਲ ਨਹੀਂ ਕਰਦਾ ਜਾਣੀ ਵੇਖੀ ਜਾਹ।ਇਹ ਸਭ ਕੁੱਝ ਪਿੱਛੇ ਰਹਿ ਗਿਆ ਪਰ ਇਹਨਾਂ ਫਾਇਦਾ ਸੀ ਪੈਰ ਨਹੀਂ ਸੀ ਤਿਲਕਦਾ,ਪਾਣੀ ਡੁੱਲੇ ਤੋ ਪੋਚਾ ਨਹੀਂ ਸੀ ਚੁਕਣਾ ਪੈਂਦਾ ਪਰ ਹੁਣ ਬਹੁਤ ਦੂਰ ਰਹਿ ਗਿਆ ਸਾਡੀਆਂ ਬੀਬੀਆਂ ਦਾ ਪੀਲੀ ਮਿੱਟੀ ਦਾ ਪਲੱਸਤਰ ਜੋ ਕਿ ਅੱਜ ਦਾ ਰਾਜ ਮਿਸਤਰੀ ਵੀ ਨਹੀਂ ਕਰ ਸਕਦਾ।ਅੱਛਾ ਭਾਈ ਜਮਾਨਾ ਜੋ ਮਾਡਰਨ ਆ ਗਿਆ, ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ ।
ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top