ਵਿਸਰਦੀ ਜਾ ਰਹੀ ਹੱਥੀਂ ਨਾਲੇ ਬੁਣਨ ਦੀ ਕਲਾ

Share on

ਜਦੋਂ ਦਸਵੀਂ ਦੇ ਫਾਈਨਲ ਪੇਪਰ ਹੋ ਗਏ ਤਾਂ ਮਾਂ ਨੇ ਅੱਡੇ ਤੇ ਨਾਲਾ ਬੁਣਨਾ ਸਿਖਾਇਆ, ਬੜਾ ਚਾਅ ਸੀ ਸਿੱਖਣ ਦਾ।ਸਾਡੇ ਘਰੇ ਅੱਡਾ ਸੀ ਨਾਲੇ ਬੁਣਨ ਵਾਲਾ। ਸਮਰਾਲੇ ਤੋ ਟਸਰ ਦੀਆਂ ਰੰਗ ਬਰੰਗੀਆਂ ਅੱਟੀਆਂ ਪਾਪਾ ਤੋਂ ਮੰਗਾਉਣੀਆਂ,ਗੋਲੇ ਕਰਨਾ।ਸਰਕੜੇ ਦੇ ਖਾਸੇ ਕਾਨੇ ਮਾਂ ਨੇ ਘੜ ਕੇ ਰੱਖੇ ਹੋਏ ਸੀ।ਕਈ ਬੀਬੀਆਂ ਮੰਜੇ ਤੇ ਵੀ ਨਾਲਾ ਬੁਣ ਲੈਂਦੀਆਂ ਸੀ।ਨਮੂਨੇ ਮੁਤਾਬਕ ਨਾਲੇ ਦਾ ਤਾਣਾ ਤਣਿਆ ਜਾਂਦਾ ਸੀ।ਨਾਲਾ ਦੋਵਾਂ ਹੱਥਾਂ ਨਾਲ ਬੁਣਿਆ ਜਾਂਦਾ, ਇਕ ਵਾਰ ਖੱਬੇ ਤੋਂ ਸੱਜੇ ਫੇਰ ਸੱਜੇ ਤੋਂ ਖੱਬੇ ,ਇਹਨੂੰ ਕਿਲਾਬੰਦੀ ਦਾ ਨਮੂਨਾ ਕਹਿਣਾ ਮਾਂ ਤੇ ਦਾਦੀ ਹੋਰਾਂ ।ਡੱਬੀਆਂ ਵਾਲੇ ਨਾਲੇ ਨੂੰ ਮੁਰੱਬਾਬੰਦੀ ਵਾਲਾ ਨਾਲਾ ਤੇ ਦੋ ਰੰਗੇ ਨੂੰ ਲਹਿਰੀਆ ਵਾਲਾ।ਹੱਥਾਂ ਦੀ ਕਸਰਤ ਵੱਧ ਹੁੰਦੀ ਸੀ ਨਾਲਾ ਬੁਣਨ ਵੇਲੇ।ਨਾਲਾ ਬਣਦਿਆਂ ਵਿੱਚ ਕਾਨੇ ਪਾਈ ਜਾਣੇ ਫੇਰ ਠੋਕ ਠੋਕ ਜਦੋਂ ਕਾਨੇ ਕੱਢਣੇ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ।ਅਖੀਰ ਤੇ ਆ ਕੇ ਜਦੋਂ ਥੋੜ੍ਹਾ ਰਹਿ ਜਾਂਦਾ ਉਦੋਂ ਨਾਲਾ ਬਹੁਤ ਔਖਾ ਬੁਣ ਹੁੰਦਾ ਸੀ ਜਦੋਂ ਤਾਣਾ ਥੋੜਾ ਜਿਹਾ ਬਚ ਜਾਂਦਾ ਧਾਗਿਆਂ ਨੂੰ ਕੱਟ ਲਿਆ ਜਾਂਦਾ ਸੀ।ਬਚੇ ਧਾਗਿਆਂ ਨੂੰ ਵਲੇਵੇਂ ਵਾਲੀਆਂ ਗੰਢਾਂ ਮਾਰ ਕੇ ਨਾਲੇ ਦੇ ਦੋਵੀਂ ਪਾਸੀ* ਹਰੜ* ਬਣਾਈ ਜਾਂਦੀ।

ਮੇਰੇ ਕੋਲ ਅਜੇ ਵੀ ਘਰ ਦੇ ਬੁਣੇ ਨਾਲੇ ਪਏ ਹਨ।ਸਾਡੇ ਦਾਦੀ ਜੀ ਬਚਿੰਤ ਕੌਰ ਇਕ ਬਹੁਤ ਸਚਿਆਰੀ ਤੇ ਸੁਹੰਨਰੀ ਔਰਤ ਸਨ ਉਹਨੇ ਦੱਸਣਾ ਕਿ ਸਾਡੇ ਸਮਿਆਂ ਵਿੱਚ ਵਧੀਆ ਤੋਂ ਵਧੀਆ ਘੱਗਰਾ ਤੇ ਸੱਜੇ ਪਾਸੇ ਵੱਡਾ ਲਮਕਦਾ ਨਾਲਾ ਜਿਸ ਦੀਆਂ ਹਰੜਾਂ ਨੂੰ ਘੁੰਗਰੂ ਤੇ ਲੋਗੜੀ ਦੇ ਫੁੱਲ ਲਾਏ ਹੁੰਦੇ ਸੀ ਜੇ ਕਿਸੇ ਦੇ ਇਹ ਸਾਰਾ ਕੁੱਝ ਹੋਣਾ ਉਸ ਔਰਤ ਨੂੰ ਸਚਿਆਰੀ ਤੇ ਹੁਨਰਮੰਦ ਸਮਝਿਆ ਜਾਂਦਾ ਸੀ ਅਸੀਂ ਹੱਸ ਪੈਣਾ ਤੇ ਕਹਿਣਾ ,ਬੇਜੀ ਭਲਾਂ ਚਲੋ ਘੱਗਰਾ ਤਾਂ ਹੋਇਆ ਪਰ ਨਾਲਾ ਲਮਕਣਾ ਵੀ ਸਚਿਆਰਪੁਣੇ ਚ ਆਉਂਦਾ ਤੇ ਉਹਨਾਂ ਨੇ ਹੱਸ ਵੀ ਪੈਣਾ ਤੇ ਆਖਣਾ ਆਹੋ ਜੇ ਕਿਸੇ ਦਾ ਘੱਗਰਾ ਬੁਸਾ ਜਿਹਾ ਜਾਣੀ ਠੀਕ ਜਿਹਾ ਹੋਣਾ ਤਾਂ ਬੀਬੀਆਂ ਨੇ ਕਹਿਣਾ ਜਿਹੋ ਜਿਹਾ ਘੱਗਰਾ ਉਹੋ ਜਿਹੀ ਵਹੁਟੀ। ਬੀਬੀਆਂ ਦੇ ਅੰਦਾਜ਼ੇ ਸਹੀ ਹੁੰਦੇ ਸੀ। ਅਫਸੋਸ ਹੁਣ ਨਾਲੇ ਘਰਾਂ ਨਹੀਂ ਬੁਣੇ ਜਾਂਦੇ, ਬਜਾਰੋਂ ਮੀਟਰਾਂ ਚ ਮਿਲਦੇ ਹਨ।ਹੁਣ ਨਾਲਾ ਬੰਨਣ ਦਾ ਚੱਜ ਵੀ ਘੱਟ ਈ ਆ ,ਲਾਸਟਿਕ ਜੋ ਹੈ।ਹੱਥੀਂ ਨਾਲਾ ਬੁਣਨ ਦੀ ਕਲਾ ਲਗਭਗ  ਖਤਮ ਈ ਹੋ ਚੁੱਕੀ ਆ ਪਰ ਇਹ ਪਿਆਰ ਨਾਲ ਹੱਥੀਂ ਬੁਣੀਆਂ ਸਾਡੀਆਂ ਨਾਨੀਆਂ,ਦਾਦੀਆਂ,ਮਾਵਾਂ, ਭੂਆ ਤੇ ਮਾਸੀਆਂ ਦੀਆਂ ਯਾਦਾਂ ਈ ਤਾਂ ਹਨ।

ਬਹੁਤੀਆਂ ਬੀਬੀਆਂ ਤਾਂ ਇਉਂ ਵੀ ਕਹਿ ਦਿੰਦੀਆਂ ਹਨ:-
** ਜਿੰਦ ਮਾਹੀ ਜੇ ਚੱਲਿਆਂ,ਪਟਿਆਲੇ
ਉਥੋਂ ਲਿਆਵੀਂ ਰੇਸ਼ਮੀ ਨਾਲੇ ,ਅੱਧੇ ਚਿੱਟੇ ਤੇ ਅੱਧੇ ਕਾਲੇ।
ਜਤਿੰਦਰ ਕੌਰ ਬੁਆਲ ਸਮਰਾਲਾ

pr-admin

One thought on “ਵਿਸਰਦੀ ਜਾ ਰਹੀ ਹੱਥੀਂ ਨਾਲੇ ਬੁਣਨ ਦੀ ਕਲਾ

Leave a Reply

Your email address will not be published. Required fields are marked *

Back to top