ਸਾਹਿ ਚਿੱਠੀ

Share on

ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ। ਬਹੁਤ ਕੁੱਝ ਸੰਭਾਲੀ ਬੈਠਾ। ਅੱਜਕਲ੍ਹ ਵਿਆਹਾਂ ਮੰਗਣਿਆਂ ਦਾ ਮੌਸਮ , ਬਹੁਤ ਅਣਗਿਣਤ ਖੁਸ਼ੀਆਂ, ਰਸਮਾਂ ਹਨ ਜੋ ਵਿਆਹਾਂ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਚੋਂ ਇਕ * ਸਾਹਿ ਚਿੱਠੀ ** ਇਹਨੂੰ ਵਿਆਹ ਦੀ ਚਿੱਠੀ ਵੀ ਆਖਦੇ ਹਨ।ਇਹ ਚਿੱਠੀ ਪਹਿਲੇ ਸਮਿਆਂ ਚ ਦੋ ਮਹੀਨੇ ਪਹਿਲਾਂ ਭੇਜ ਦਿੰਦੇ ਸੀ ਉਦੋਂ ਇਸ ਚਿੱਠੀ ਦੀ ਰਸਮ ਤੋਂ ਬਾਅਦ ਵਿਆਹ ਵਾਲੀ ਕੁੜੀ ਤੇ ਮੁੰਡੇ ਦੇ ਘਰਾਂ ਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ ਪਰ ਹੁਣ ਇਹ ਕਈ ਵਾਰ ਜਾਬਤਾ ਜਿਹਾ ਪੂਰਾ ਕਰਨ ਲਈ 5,7 ਦਿਨ ਪਹਿਲਾਂ ਵੀ ਭੇਜ ਦਿਤੀ ਜਾਂਦੀ ਹੈ।ਇਹ ਚਿੱਠੀ ਧੀ ਵਾਲਿਆਂ ਵਲੋਂ ਸਤਿਕਾਰ ਨਾਲ ਮੁੰਡੇ ਵਾਲਿਆਂ ਦੇ ਘਰ ਭੇਜੀ ਜਾਂਦੀ ਹੈ। ਸਿਆਣੇ ਬੰਦੇ ਸਲਾਹ ਕਰਦੇ ਸਨ ਕਿ ਕਿਸ ਦਿਨ ਚਿੱਠੀ ਭੇਜਣੀ ਹੈ। ਉਸ ਤੋਂ ਇਕ ਦਿਨ ਪਹਿਲਾਂ ਸ਼ਰੀਕੇ ਭਾਈਚਾਰੇ ਵਿੱਚ ਲਾਗੀ ਦੇ ਹੱਥ ਸੱਦਾ ਭੇਜਿਆ ਜਾਂਦਾ ਸੀ । ਜਦੋਂ ਘਰ ਦੀ ਬੈਠਕ ਚ ਸ਼ਰੀਕੇ ਦੇ ਮੋਹਤਬਰ ਇਕੱਠੇ ਹੋ ਜਾਂਦੇ ਤਾਂ ਪੜਿਆ ਲਿਖਿਆ ਵਿਅਕਤੀ ਚਿੱਠੀ ਲਿਖਦਾ ,ਚਿੱਠੀ ਧੀ ਦੇ ਪਰਿਵਾਰ ਵੱਲੋਂ ਲਿਖੀ ਜਾਂਦੀ । ਇਕ ਓਅੰਕਾਰ ਲਿਖ ਕੇ ਲਿਖਤੁਮ ਫਲਾਣਾ ਸਿੰਘ ਕਰਕੇ ਲਿਖੀ ਜਾਂਦੀ ਕਿ ਸਾਡੀ ਧੀ ਦਾ ਵਿਆਹ ਤੁਹਾਡੇ ਪੁੱਤਰ ਫਲਾਣਾ ਸਿੰਘ ਨਾਲ ਇਸ ਤਾਰੀਖ ਨੂੰ ਹੋਣਾ ਤੈਅ ਹੋਇਆ ਸੋ ਤੁਸੀਂ ਉਸ ਤਾਰੀਖ ਨੂੰ ਜੰਞ ਲੈ ਕੇ ਸਾਡੇ ਪਿੰਡ/ ਸ਼ਹਿਰ ਪਧਾਰੋ, ਨਾਲ ਬੇਨਤੀ ਵੀ ਕਰ ਦਿੰਦੇ ਸੀ ,ਸਮੇਂ ਸਿਰ ਪਹੁੰਚ ਜਾਣਾ ਜੀ ਤਾਂ ਜੋ ਅਨੰਦ ਕਾਰਜ ਦੀ ਰਸਮ12 ਵਜੇ ਤੋਂ ਪਹਿਲਾਂ ਹੋ ਜਾਵੇ। ਤੇ ਥੱਲੇ ਨਾਮ ਲਿਖ ਦਿੱਤੇ ਜਾਂਦੇ ਸਨ । ਚਿੱਠੀ ਨੂੰ ਹਲਦੀ ਲਾਈ ਜਾਂਦੀ ਹੈ,ਵਿੱਚ ਹਰੀ ਖੱਬਲ ( ਹਰਾ ਘਾਹ) ਤੇ ਬਾਹਰ ਮੌਲੀ ਬੰਨੀ ਜਾਂਦੀ। ਚਿੱਠੀ ਲਿਖਣ ਵਾਲੇ ਨੂੰ ਸ਼ਗਨ ਦਿਤਾ ਜਾਂਦਾ ਸੀ ਤੇ ਚਿੱਠੀ ਵਿੱਚ ਵੀ ਸ਼ਗਨ ਵਜੋਂ ਪੈਸੇ ਪਾਏ ਜਾਂਦੇ ਸਨ। ਇਕ ਤਰ੍ਹਾਂ ਨਾਲ ਇਹ ਪਰੂਫ ਹੁੰਦਾ ਸੀ ਬਈ ਸਾਡੀ ਧੀ ਦਾ ਵਿਆਹ ਤੁਹਾਡੇ ਪੁੱਤਰ ਨਾਲ ਹੋ ਰਿਹਾ ਹੈ ਤੇ ਮੋਹਤਬਰ ਬੰਦੇ ਗਵਾਹ ਹੁੰਦੇ ਸਨ। ਚਿੱਠੀ ਦੇ ਨਾਲ ਗੁੜ ,ਪਤਾਸੇ ਭੇਜੇ ਜਾਂਦੇ ਸਨ ਪਰ ਅੱਜ ਕੱਲ ਦਿਖਾਵਾ ਜਿਆਦਾ ,ਚਿੱਠੀ ਵੀ ਬਣੀ ਬਣਾਈ ਮਿਲਦੀ ਆ ਬਸ ਵਿੱਚ ਤਾਰੀਖ ਤੇ ਨਾਮ ਭਰਨੇ ਹੁੰਦੇ ਹਨ। ਗੁੜ ,ਪਤਾਸਿਆਂ ਦਾ ਥਾਂ ਭਾਂਤ ਭਾਂਤ ਦੀ ਮਠਿਆਈ ਦੇ ਡੱਬੇ ਭੇਜੇ ਜਾਂਦੇ ਹਨ। ਚਿੱਠੀ ਲਿਖ ਕੇ ਵਿਚੋਲੇ ਨੂੰ ਦੇ ਦਿੱਤੀ ਜਾਂਦੀ ਤੇ ਉਹ ਲਾਗੀ ਨੂੰ ਨਾਲ ਲੈ ਕੇ ਮੁੰਡੇ ਵਾਲਿਆਂ ਦੇ ਘਰ ਪਹੁੰਚਦਾ ਹੈ। ਤੇਲ ਚੋ ਕੇ ਅੰਦਰ ਬਿਠਾਇਆ ਜਾਂਦਾ ਜਿਵੇਂ ਚਿੱਠੀ ਲਿਖਣ ਵੇਲੇ ਸ਼ਰੀਕੇ ਭਾਈਚਾਰੇ ਦੇ ਮੋਹਤਬਰ ਬੰਦੇ ਹੁੰਦੇ ਨੇ ਇਵੇਂ ਮੁੰਡੇ ਵਾਲਿਆਂ ਨੇ ਵੀ ਇਕ ਦਿਨ ਪਹਿਲਾਂ ਸ਼ਰੀਕੇ ਭਾਈਚਾਰੇ ਵਿੱਚ ਸੱਦਾ ਦਿੱਤਾ ਹੁੰਦਾ ਕਿ ਸਾਡੇ ਅੱਜ ਵਿਆਹ ਦੀ ਚਿੱਠੀ ਆਉਣੀ ਹੈ। ਚਿੱਠੀ ਬਹੁਤ ਸਤਿਕਾਰ ਨਾਲ ਮੁੰਡੇ ਦੇ ਘਰ ਦੇ ਫੜਦੇ ਹਨ । ਚਿੱਠੀ ਦੇ ਦੁਆਲਿਓਂ ਮੌਲੀ( ਖੰਮਣੀ) ਖੋਲ ਕੇ ਇਕ ਜਾਣਾ ਚਿੱਠੀ ਪੜਦਾ ਬਾਕੀ ਸਭ ਸੁਣਦੇ ਹਨ।

ਚਿੱਠੀ ਪੜਨ ਵਾਲੇ ਨੂੰ ਉਹ ਪੈਸੇ ਵੀ ਮਿਲਦੇ ਹਨ ਜੋ ਚਿੱਠੀ ਵਿੱਚ ਹੁੰਦੇ ਹਨ ਤੇ ਘਰ ਵਾਲਿਆਂ ਵੱਲੋਂ ਵੀ ਸ਼ਗਨ ਦਿੱਤਾ ਜਾਂਦਾ। ਚਿੱਠੀ ਪੜਨ ਵਾਲਿਆਂ ਨੂੰ ਚਾਹ ਪਾਣੀ ਪਿਆਇਆ ਜਾਂਦਾ ਬਸ ਉਹਨਾਂ ਤੋਂ ਅਗਾਂਹ ਖਬਰ ਪਹੁੰਚ ਜਾਂਦੀ ਪਿੰਡ ਵਿੱਚ ਕਿ ਫਲਾਣਾ ਸਿਉਂ ਦੇ ਮੁੰਡੇ ਦਾ ਵਿਆਹ ਐਸ ਤਾਰੀਖ ਨੂੰ ਆ। ਜੋ ਲਾਗੀ ਚਿੱਠੀ ਲੈ ਕੇ ਆਉਂਦਾ ਉਸ ਨੂੰ ਬਣਦਾ ਲਾਗ ਦੇ ਕੇ ਵਿਦਾ ਕੀਤਾ ਜਾਂਦਾ। ਇਹੋ ਜਿਹੀਆਂ ਰਸਮਾਂ ਖੁਸ਼ੀ ਦਿੰਦੀਆਂ ਸਨ ਪਰ ਹੁਣ ਨਵਾਂ ਜਮਾਨਾ ਭਾਈ ਨਵੀਆਂ ਗੱਲਾਂ, ਨਵੀਆਂ ਸਾਹਿ ਚਿੱਠੀਆਂ।


ਸੋ ਉਡੀਕ ਚ ਹਾਂ ਸਾਡੇ ਡਾਕਟਰ ਵਿਕਰਮ ਸਿੰਘ ਸੰਗਰੂਰ ਦੇ ਵਿਆਹ ਦੀ ਚਿੱਠੀ ਆਉਣ ਦੀ ਉਡੀਕ ਵਿੱਚ  ਆਓ ਇਹ ਰਸਮਾਂ ਨਾ ਵਿਸਾਰੀਏ। ਫੋਟੋ ਮੇਰੇ ਸਤਿਕਾਰਯੋਗ ਭੈਣ ਪਰਮਜੀਤ ਘੁੰਮਣ ਤੇ ਭਾਜੀ ਹਰਭਜਨ ਸਿੰਘ ਘੁੰਮਣ ਉਹਨਾਂ ਦੇ ਵਿਆਹ ਦੀ ਚਿੱਠੀ ਦੀ ਹੈ।

ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top