ਸੂਤ ਦਾ ਮੰਜਾ

Share on

ਸੂਤ ਦਾ ਮੰਜਾ ਬੁਣਨਾ ਵੀ ਕਮਾਲ ਦੀ ਕਲਾਕਾਰੀ ਆ,ਕਦੇ ਭਲੇ ਵੇਲਿਆਂ ਚ ਸੂਤ ਦੇ ਮੰਜੇ ਦੀ ਘਰ ਚ ਬਹੁਤ ਕਦਰ ਸੀ ,ਜਿਹੜੇ ਆ ਡਬਲ ਬੈੱਡ ਆ ਗਏ ਇਹਨਾਂ ਨੇ ਸੂਤ ਦੇ ਮੰਜਿਆਂ ਦੀ ਕਦਰ ਮਾਰ ਦਿੱਤੀ, ਇਕ ਵਾਰ ਤਾਂ ਜਾਣੀ ਸਭ ਨੇ ਘਰੋਂ ਕੱਢ ਕੇ ਸਾਹ ਲਿਆ ਪਰ ਇਹ ਘਰ ਦਾ ਸ਼ਿੰਗਾਰ ਨੇ,ਰੰਗ ਬਰੰਗੇ ਸੋਹਣੇ ਫੁੱਲ ਬੂਟਿਆਂ ਨਾਲ ਭਰੇ ਪਏ ਖੜੇ ਈ ਬਹੁਤ ਸੋਹਣੇ ਲਗਦੇ ਨੇ।ਮੈਨੂੰ ਯਾਦ ਸਾਡੀ ਮਾਂ ਨੇ ਕਹਿਣਾ ਐਂਤਕੀ ਫੁੱਲ ਬੱਲੀ ਦਾ ਮੰਜਾ ਬੁਣਨਾ ਸੂਤ ਦਾ। ਬਾਪੂ ਨਾਲ ਬਹਿਸ ਕਰਕੇ ਉਹਨੇ ਖਾਸੀ ਕਪਾਹ ਰਖਵਾ ਲੈਣੀ ,ਸੂਤ ਤਿਆਰ ਕਰਨਾ,ਕੱਤਣਾ ,ਦੋ ਤਿੰਨ ਲੜਿਆਂ ਤੋਂ ਇਕ ਕਰਨਾ ਵੇਖੋ ਫੇਰ ਘਰੇ ਈ ਰੰਗਣਾ ,ਆਪੇ ਬੀਜੀ ਓਹਨੀ ਲਲਾਰੀ।ਰੰਗ ਕੇ ਸੁਕਾਉਣਾ ,ਗੋਲੇ ਕਰਨੇ ,ਮੇਲਣਾ ਫੇਰ ਕਿਤੇ ਜਾ ਕੇ ਮੰਜੇ ਦਾ ਸੂਤ ਤਿਆਰ ਹੋਣਾ ,ਪਾਪਾ ਉਹਨਾਂ ਨੇ ਵੀ ਵਿੱਚ ਮੱਦਦ ਕਰਨੀ ਜਿਵੇਂ ਮੱਲ ਪਾਉਣਾ। ਮੰਜੇ ਦਾ ਤਾਣਾ ਤਣਨਾ ,ਸਾਨੂੰ ਵੀ ਕਦੇ ਤਣਨ ਵੇਲੇ ਨਾਲ ਲਾ ਲੈਣਾ,ਜੇ ਸਹੀ ਨਾ ਕਰਨਾ ਤਾਂ ਮਾਂ ਨੇ ਗੁੱਸੇ ਚ ਕਹਿਣਾ ਜਾਓ ਮੈਂ ਆਪੇ ਕਰ ਲੂ,ਮੈਨੂੰ ਈ ਇਕੱਲੀ ਨੂੰ ਚਾਹੀਦੇ ਨੇ। ਸਾਡੀ ਮਾਂ ਇਹੋ ਜਿਹੇ ਕੰਮ ਜਿਆਦਾ ਗਰਮੀ ਚ ਕਰਦੇ ਸੀ ਦਿਨ ਵੱਡੇ ਹੁੰਦੇ ਨੇ,ਘਰ ਦਾ ਕੰਮ ,ਕਈ ਵਾਰ ਖੇਤ ਰੋਟੀ ਵੀ ਦੇਣ ਜਾਣਾ ਪਰ ਮੰਜਾ ਬੁਣਨ ਦੀ ਝੁਟੀ ਵੀ ਲਾ ਦੇਣੀ। ਸੂਤ ਦਾ ਮੰਜਾ ਬੁਣਨ ਨੂੰ ਕੁੰਡੀਆਂ, ਪੰਜੇ ਦੀ ਲੋੜ ਪੈਂਦੀ ਇਹ ਸਭ ਚੀਜਾਂ ਮਾਂ ਨੇ ਸਾਂਭ ਸਾਂਭ ਰੱਖਣੀਆਂ । ਮੰਜੇ ਤੇ ਫੱਟਾ ਰੱਖਣਾ ਫੱਟੇ ਉੱਤੇ ਬਹਿ ਕੇ ਬੁਣਨਾ ਕਿੰਨਾ ਔਖਾ ਸੀ,ਹੁਣ ਤਾਂ ਕਮਰਾਂ ਉਈਂ ਨੀ ਸਿੱਧੀਆਂ ਰਹਿੰਦੀਆਂ, ਨੀਵੀਂ ਪਾ ਕੇ ਬੁਣਨਾ ਹੁਣ ਸਰਵਾਈਕਲ ਮੂਹਰੇ ਆ ਖੜਦਾ ,ਬੁਣ ਲਾਗੇਂ ਅਸੀਂ ਮੰਜੇ।

ਜਦੋਂ ਮੰਜਾ ਬੁਣਨ ਤੋਂ ਥੋੜਾ ਜਿਹਾ ਰਹਿ ਜਾਂਦਾ ਸੀ ਉਹ ਬਹੁਤ ਔਖਾ ਸੀ ਧਾਗਾ ਲੰਘਾਉਣਾ,ਸੱਚੀਂ ਮਾਂ ਨੇ ਕਹਿਣਾ ਹੱਥ ਉਦੜ ਗੇ ਪਰ ਉਹ ਕਿੱਥੇ ਇਹਨਾਂ ਗੱਲਾਂ ਦੀਆਂ ਪਰਵਾਹ ਕਰਦੀਆਂ ਸੀ,ਮੰਜਾ ਬੁਣਿਆ ਜਾਣਾ ਚਾਅ ਨਾ ਚੱਕਿਆ ਜਾਣਾ ,ਬਾਪੂ ਨਾਲ ਫੇਰ ਬਹਿਸ ਛੇਤੀ ਦੌਣ ਪਾਓ ਮੰਜਾ ਮੈਲਾ ਹੁੰਦਾ ਮੈਂ ਕੱਪੜਾ ਲਾਉਣਾ,ਰੀਝ ਨਾਲ ਕੱਪੜਾ ਲਾਉਣਾ ਮੇਰੇ ਵਰਗੇ ਨੇ ਕਈ ਵਾਰ ਕੱਪੜੇ ਤੋਪੇ,ਨਗੰਦੇ ਉਂਗਲ ਪਾ ਕੇ ਤੋੜ ਦੇਣੇ ,ਛਿਤਰ ਵੀ ਖਾ ਲੈਣੇ। ਹਰ ਸਾਲ ਮਾਂ ਨੇ ਜਰੂਰ ਇਕ ਮੰਜਾ ਨਵੇਂ ਸੂਤ ਦਾ ਤੇ ਕਈ ਵਾਰ ਪਹਿਲੇ ਬੁਣਿਆ ਚੋਂ ਦੁਬਾਰਾ ਸੂਤ ਰੰਗ ਕੇ ਜਾਣੀ ,ਰਿਪੇਅਰ ਕਰਨੀ।ਧੰਨ ਸਾਡੀਆਂ ਮਾਵਾਂ। ਬਹੁਤ ਕਦਰ ਸੀ ਸੂਤ ਦੇ ਮੰਜੇ ਦੀ ਸੱਚੀਂ ਘਰਾਂ ਚ ਜੇ ਕਿਤੇ ਪਾਣੀ ਡੁੱਲ ਜਾਣਾ ਮਾਂ ਨੇ ਕਹਿਣਾ ਥੋੰਨੂੰ ਪਤਾ ਕਿੰਨੇ ਔਖੇ ਬਣਦੇ ਨੇ,ਸੂਤ ਬਚ ਜਾਣਾ ਪੀਹੜੀ ਬੁਣ ਦੇਣੀ, ਨਵੀਂ ਪੀੜੀ ਪਿੱਛੇ ਰੌਲਾ ਪੈਣਾ ਇਹ ਮੈਂ ਲੈਣੀ ਆਂ,ਸਾਡੀ ਮਾਂ ਨੇ ਸਾਡੇ ਤਿੰਨਾਂ ਲਈ ਪੀੜੀਆਂ ਬਣਾਈਆਂ ਹੋਈਆਂ ਸੀ ,ਵੀਰੇ ਦੀ ਵੱਡੀ, ਮੇਰੀ ਪੀੜੀ ਵੀਰੇ ਦੀ ਪੀੜ੍ਹੀ ਤੋਂ ਥੋੜ੍ਹੀ ਛੋਟੀ, ਸਾਡੇ ਛੋਟੇ ਲਾਣੇਦਾਰ ( ਛੋਟੀ ਭੈਣ) ਦੀ ਪੀੜ੍ਹੀ ਮੇਰੀ ਵਾਲੀ ਨਾਲੋਂ ਥੋੜੀ ਛੋਟੀ ।ਸੋਹਣਾ ਹਿਸਾਬ ਕਿਤਾਬ ਸੀ,ਪਿਛਲਾ ਵੀ ਤਰਾਸਦੀ ਤਾਂ ਇਹ ਆ ਕਿ ਘਰਾਂ ਚੋਂ ਇਕ ਵਾਰੀ ਤਾਂ ਮੰਜੇ ਕੱਢ ਮਾਰੇ ਪਰ ਹਵੇਲੀਆਂ ਚ ਜਾ ਕੇ ਉਸੇ ਮੰਜਿਆਂ ਤੇ ਨਿਆਣਿਆਂ ਨੂੰ ਬਿਠਾ ਬਿਠਾ ,ਆਪ ਬੈਠ ਫੋਟੋਆਂ ਖਿਚਦੇ ਹਾਂ ਨਾਲ ਦੱਸ ਵੀ ਦਿਆ ਕਰੋ ਕਿ ਇਹ ਆਪਣੇ ਘਰਾਂ ਚ ਵੀ ਹੁੰਦੇ ਸੀ।ਹੁਣ ਤਾਂ ਫੇਰ ਕੁੱਝ ਫਰਕ ਪੈਂਦਾ ਜਾਂਦਾ, ਖੁਸ਼ੀ ਹੁੰਦੀ ਮੈਨੂੰ ਜਦੋਂ ਮੈਂ ਕਿਸੇ ਰਿਸ਼ਤੇਦਾਰ ਦੇ ਘਰ ਸੂਤ ਦਾ ਮੰਜਾ ਵੇਖਦੀ ਹਾਂ ਪਰ ਉਹ ਵਿਚਾਰਾ ਖੜਾ ਈ ਹੁੰਦਾ ਕਦੇ ਕਦਾਈਂ ਡਾਹ ਲਿਆ ਕਰੋ। ਮੰਜਾ ਖੜਾ ਕਰਨਾ ਵੀ ਦੱਸਣਾ ਮਾਂ ਉਹਨਾਂ ਨੇ ਬਈ ਮੰਜਾ ਖੜਾ ਕਰਨ ਵੇਲੇ ਦੌਣ ਉਪਰ ਨੀ ਕਰੀਦੀ,ਜੇ ਪੁੱਛ ਲੈਣਾ ਕਿਉਂ ਮਾੜਾ ਹੁੰਦਾ,ਵੈਸੇ ਅੱਜ ਵੀ ਵੇਖ ਲਿਓ ਜੇ ਦੌਣ ਉਪਰ ਕਰਕੇ ਮੰਜਾ ਖੜਾ ਕਰੀਏ ਵੇਖਣ ਨੂੰ ਵੀ ਚੰਗਾ ਨਹੀਂ ਲਗਦਾ।

ਮੈਨੂੰ ਇਕ ਗੱਲ ਚੇਤੇ ਆ ਗੀ ਪਿਛਲੇ ਸਾਲ ਮੈਂ ਵਿਕਰਮ ਸਿੰਘ ਸੰਗਰੂਰ ਕੋਲ ਗਈ ਹੋਈ ਸੀ,ਮੈਂ ਤੇ ਉਹਦੀ ਮੰਮੀ ਕੋਠੇ ਚੜੇ ਵਿਕਰਮ ਨੇ ਮੰਜਾ ਦੌਣ ਉਪਰ ਕਰਕੇ ਖੜਾ ਕੀਤਾ ਹੋਇਆ, ਵਿਕਰਮ ਦੇ ਮੰਮੀ ਕਹਿੰਦੇ, ਵਿਕਰਮ ਮੰਜਾ ਏਦਾਂ ਨਹੀਂ ਖੜਾ ਕਰੀਦਾ ,ਮਾੜਾ ਹੁੰਦਾ, ਉਹ ਫੋਨ ਲਈ ਬੈਠਾ ਸੀ। ਫੇਸਬੁਕ ਤੇ ਕਿਸੇ ਨੇ ਫੋਟੋ ਪਾਈ ਸੀ ਭਾਰਤ ਦਾ ਪਰਧਾਨ ਮੰਤਰੀ ਆਪਣੀ ਬੇਬੇ ਕੋਲ ਜਿਥੇ ਬੈਠਾ,ਉਹਨਾਂ ਦੇ ਪਿੱਛੇ ਮੰਜਾ ਦੌਣ ਉਪਰ ਕਰਕੇ ਖੜਾ ਕੀਤਾ ਹੋਇਆ, ਵਿਕਰਮ ਕਹਿੰਦਾ ਆਹ ਵੇਖ ਲਓ ਅਗਲਾ ਦੂਜੀ ਵਾਰ ਪਰਧਾਨ ਮੰਤਰੀ ਬਣ ਗਿਆ ਉਹਦੇ ਲਈ ਮਾੜਾ ਨਹੀਂ ।

ਪਰ ਅੱਗੇ ਨਾਲੋਂ ਪਿਛਾ ਭਲਾ ਐਵੇਂ ਨੀ ਕਿਸੇ ਨੇ ਕਿਹਾ ,ਸੂਤ ਦੇ ਮੰਜੇ ਹੁਣ ਮਰੀਕਾ, ਕਨੇਡਾ ਪਹੁੰਚ ਗਏ, ਫੋਟੋ ਚ ਮੇਰਾ ਛੋਟਾ ਵੀਰ ਜੋ ਦੌਣ ਕਸ ਰਿਹਾ ਦਵਿੰਦਰ ਕੰਗ ਆ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਇਹਦੀ ਮੰਜੇ ਨਾਲ ਫੋਟੋ ਵੇਖੀ।ਆਓ ਆਪਾਂ ਵੀ ਇਹਨਾਂ ਕਲਾ ਕਿਰਤਾਂ ਨੂੰ ਨਾ ਵਸਾਰੀਏ ,ਸਾਂਭ ਕੇ ਰੱਖੀਏ,ਮੁੜ ਘਰਾਂ ਦਾ ਸ਼ਿੰਗਾਰ ਬਣਾਈਏ ।

© ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top