ਸੰਧਾਰਾ

Share on

ਸੰਧਾਰੇ ਦੋ ਦਿੱਤੇ ਜਾਂਦੇ ਨੇ ਸਾਲ ਚ,ਤੀਆਂ ਦਾ ਤੇ ਲੋਹੜੀ ਦਾ ਸੰਧਾਰਾ ਪਰ ਹੁਣ ਸੰਧਾਰਿਆਂ ਦਾ ਰੂਪ ਵੀ ਵਿਗੜ ਗਿਆ, ਦਿਖਾਵਾ ਬਾਹਲਾ ਹੋ ਗਿਆ। ਪਹਿਲੇ ਸਮਿਆਂ ਚ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ।ਸੰਚਾਰ ਸਾਧਨ ਬਸ ਚਿੱਠੀ ਜਾਂ ਤਾਰ,ਵੱਡਿਆਂ ਕੋਲੋਂ ਸੁਣਿਆ ਬਈ ਚਿੱਠੀ ਪਹੁੰਚਣ ਨੂੰ ਵੀ ਬਾਹਵਾ ਦਿਨ ਲੱਗ ਜਾਂਦੇ ਸਨ।ਬਹਤੀ ਪੜਾਈ ਲਿਖਾਈ ਵੀ ਨਹੀਂ ਸੀ ਉਦੋਂ, ਟਾਵਾਂ ਟਾਵਾਂ ਪੜਿਆ ਲਿਖਿਆ ਸੀ ,ਪਹਿਲਾਂ ਪੜੇ ਲਿਖੇ ਕੋਲੋਂ ਚਿੱਠੀ ਲਿਖਾਉਣੀ ਪੈਂਦੀ ਫੇਰ ਪੜਾਉਣੀ ਪੈਂਦੀ।ਧੀ ਮਾਂ ਕੋਈ ਬਹਾਨਾ ਲੱਭਦੀ ਸੀ ਕਿ ਧੀ ਦੀ ਸੁੱਖ ਸਾਂਦ ਕਿਵੇਂ ਪਤਾ ਲੱਗੇ,ਉਦੋਂ ਧੀਆਂ ਦੇ ਸਹੁਰੀਂ ਮਾਂ ਪਿਓ ਬਹੁਤ ਘੱਟ ਜਾਂਦੇ ਸਨ।ਅਜੇ ਪਿਓ ਤਾਂ ਕਦੇ ਕਦਾਈਂ ਜਾ ਵੀ ਆਉਂਦਾ।ਉਦੋਂ ਤਾਂ ਏਨਾ ਵਹਿਮ ਕਰਦੇ ਸੀ ਕਿ ਧੀ ਦੇ ਘਰ ਪਾਣੀ ਵੀ ਨਹੀਂ ਪੀਣਾ। ਪਰ ਮਾਵਾਂ ਨੂੰ ਐਨੀ ਇਜਾਜ਼ਤ ਨਹੀਂ ਸੀ ਧੀ ਦੇ ਸਹੁਰੀਂ ਜਾਣ ਦੀ।ਉਹ ਫੇਰ ਪੁੱਤ ਦੇ
ਹੱਥ ਸੰਧਾਰਾ ਭੇਜਦੀ,ਜਿਵੇਂ ਤੀਆਂ ਦੇ ਸੰਧਾਰੇ ਖਾਣ ਲਈ ਆਟੇ ਦੇ ਬਿਸਕੁਟ ਪੀਪਾ ਭਰ ਕੇ ਨਾਲ ਕੱਪੜੇ,ਚੂੜੀਆਂ ਆਦਿ ਤੇ ਲੋਹੜੀ ਦੇ ਸੰਧਾਰੇ ਚ ,ਮੂੰਗਫਲੀ, ਚੌਲਾਂ ਦੀਆਂ ਪਿੰਨੀਆਂ ਤੇ ਘਰ ਦਾ ਕੱਢਿਆ ਖੋਆ।ਜਦੋਂ ਵੀਰਾ ਸੰਧਾਰਾ ਲੈ ਕੇ ਭੈਣ ਦੇ ਘਰ ਪਹੁੰਚਦਾ ਤਾਂ ਭੈਣ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ ਮੇਰਾ ਵੀਰ ਸੰਧਾਰਾ ਲਿਆਇਆ, ਨੀ ਲੰਮੇ ਚੀਰ ਕੇ ਪੈਂਡੇ ਆਇਆ ਅੰਮੜੀ ਦੇ ਜਾਇਆ ਵੇ ਗੱਲ ਲੱਗ ਮਿਲੀਏ ਆ ਦੋਵੇਂ ਭੈਣ ਭਰਾ

 

ਉਹ ਸੰਧਾਰਾ ਫੇਰ ਸ਼ਰੀਕੇ ਚ ਵੰਡਿਆ ਜਾਂਦਾ ਸੀ। ਭੈਣ ਦਾ ਵੀਰ ਇਕ ਦੋ ਦਿਨ ਭੈਣ ਕੋਲ ਰਹਿੰਦਾ ਤੇ ਸੁੱਖ ਸਾਂਦ ਲੈ ਕੇ ਆ ਜਾਂਦਾ।ਹੁਣ ਨਾ ਉਹ ਚੰਨ ਵਰਗੇ ਵੀਰ ਨਾ ਉਹ ਭੈਣਾਂ ਪਤਾ ਨਹੀਂ ਕਿਉਂ ਅਪਣੱਤ ਖਤਮ ਹੁੰਦੀ ਜਾ ਰਹੀ ਹੈ।ਉਹ ਸੰਧਾਰੇ ਧੀ ਦੇ ਘਰ ਦੀ ਖਬਰ ਸਾਰ ਲੈਣ ਦਾ ਇਕ ਬਹਾਨਾ ਸੀ।ਪੁੱਤ ਕੋਲੋਂ ਧੀ ਦੀ ਸੁੱਖ ਸਾਂਦ ਸੁਣ ਕੇ ਮਾਂ ਦੇ ਕਲੇਜੇ ਠੰਢ ਪੈ ਜਾਂਦੀ ਸੀ।

ਹੁਣ ਤਾਂ ਰੋਜ ਈ ਸੰਧਾਰੇ ਨੇ,ਇਕ ਤਰ੍ਹਾਂ ਦਾ ਦਿਖਾਵਾ, ਸੰਧਾਰਿਆਂ ਚ ਕੀਮਤੀ ਤੋਹਫੇ ਜੀਹਦੇ ਚ ਮੱਧ ਵਰਗ ਦੀ ਹਾਲਤ ,ਸੱਪ ਦੇ ਮੂੰਹ ਚ ਕੋਹੜਕਿਰਲੀ ਵਰਗੀ ਹੁੰਦੀ ਆ। ਨਹੀਂ ਸੰਧਾਰਾ ਦਿੰਦਾ ਨੱਕ ਨਹੀਂ ਰਹਿੰਦਾ,ਉਹਨਾਂ ਪਰਿਵਾਰਾਂ ਨੂੰ ਅੱਡੀਆਂ ਚੁੱਕ ਕੇ ਫਾਹਾ ਲੈਣਾ ਪੈਂਦਾ ਜੋ ਕਿ ਠੀਕ ਨਹੀਂ। ਇਹ ਦਿਖਾਵੇ ਅਸੀਂ ਕਿਉਂ ਵਧਾਈ ਜਾ ਰਹੇ ਹਾਂ। ਜੇ ਹੋਰਨਾਂ ਕੰਮਾਂ ਚ ਜਾਗਰਤੀ ਆ ਗਈ ਆ ਇਹਨਾਂ ਨੂੰ ਵਧਾਓ ਨਾ ਸਗੋਂ ਘਟਾਓ।ਸੰਧਾਰੇ ਨੂੰ ਆਮ,ਸਧਾਰਨ ਪਿਆਰ ਤੇ ਸਤਿਕਾਰ ਵਾਲਾ ਸੰਧਾਰਾ ਈ ਰਹਿਣ ਦਿਓ ਇਹਦੇ ਚ ,ਵਾਸ਼ਿੰਗ ਮਸ਼ੀਨਾਂ, ਐਲਸੀਡੀਜ ਵਰਗੇ ਕੀਮਤੀ ਤੋਹਫੇ ਤੇ ਕੀਮਤੀ ਕੱਪੜੇ ਨਾ ਵਾੜੋ।ਸੰਕੋਚ ਕਰੋ, ਖਰਚਾ ਘਟਾਓ ਪਰ ਪਿਆਰ ਤੇ ਅਪਣੱਤ ਵਧਾਓ।
ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top