ਹੱਥੀਂ ਦਰੀਆਂ ਬੁਣਨ ਦੀ ਕਲਾ

Share on

ਹੱਥੀਂ ਦਰੀਆਂ ਬੁਣਨਾ ਸ਼ੌਕ ਵੀ ਰਿਹਾ ਤੇ ਕਿੱਤਾ ਵੀ।ਘਰ ਬੁਣੀਆਂ ਦਰੀਆਂ ਵੀ ਅਨੋਖੀ ਵਿਰਾਸਤ ਹਨ ਜੋ ਹੁਣ ਵਿਸਰ ਰਹੀਆਂ ਹਨ। ਦਰੀ ਬੁਣਨਾ ਸੌਖਾ ਕੰਮ ਨਹੀਂ ,ਕਪਾਹ ਚੁਗਣੀ ,ਪੰਜਾਉਣੀ, ਸੂਤ ਕੱਤਣਾ ,ਅਟੇਰਨਾ, ਰੰਗਣਾ ,ਰੰਗ ਕੇ ਸੁਕਾਉਣਾ ,ਲੱਛਿਆਂ ਦੇ ਗੋਲੇ ਕਰਨੇ ਤੇ ਗੋਲਿਆਂ ਦੀਆਂ ਛੋਟੀਆਂ ਗੁੱਛੀਆਂ ਜੋ ਤਾਣੇ ਚੋਂ ਲੰਘ ਸਕਣ।ਤਾਣਾ ਅਲੱਗ ਤਿਆਰ ਕਰਨਾ।ਦਰੀ ਬੁਣਨ ਲਈ ਏਨੀ ਤਿਆਰੀ ਕਰਨੀ ਪੈਂਦੀ ਸੀ।ਦਰੀ ਅੱਡੇ ਤੇ ਤਣੀ ਜਾਂਦੀ ਸੀ,ਕਈ ਵਾਰ ਫਰਸ਼ ਚ ਕੁੰਡੇ ਲਵਾ ਲਏ ਜਾਂਦੇ ਸਨ ਦਰੀ ਬੁਣਨ ਲਈ ਪਰ ਅੱਡੇ ਦੀ ਮੌਜ ਸੀ ਜਿੱਥੇ ਮਰਜੀ ਰੱਖ ਕੇ ਬੁਣ ਲਵੋ। ਦਰੀ ਬੁਣਨ ਲਈ ਅੱਡਾ,ਘੋੜੀ ,ਪਣਖ,ਪੰਜੇ ਇਹਨਾਂ ਖਾਸ ਸੰਦਾਂ ਤੋਂ ਬਿਨਾਂ ਦਰੀ ਹੱਥੀਂ ਬੁਣੀ ਹੀ ਨਹੀਂ ਜਾ ਸਕਦੀ। ਦਰੀਆਂ ਬੁਣਨ ਦਾ ਕੰਮ ਸਾਡੀਆਂ ਮਾਤਾਵਾਂ ਹਮੇਸ਼ਾਂ ਜੂਨ ,ਜੁਲਾਈ ਦੇ ਮਹੀਨੇ ਹੀ ਕਰਦੀਆਂ ਸਨ ਇਕ ਤਾਂ ਦਿਨ ਵੱਡੇ ਹੁੰਦੇ ਸਨ ,ਇਕ ਜੇ ਘਰ ਦੀਆਂ ਕੁੜੀਆਂ ਪੜਦੀਆਂ ਸਨ ਤਾਂ ਸਕੂਲ ਕਾਲਜ ਤੋਂ ਛੁੱਟੀਆਂ ਹੁੰਦੀਆਂ ਸਨ ਕਿਉਂਕਿ ਘਰ ਦੀਆਂ ਕੁੜੀਆਂ ਨੂੰ ਵੀ ਇਹੋ ਜਿਹੇ ਕੰਮ ਜਰੂਰ ਸਿਖਾਉਣ ਹੁੰਦੇ ਸਨ ਤਾਂ ਜੋ ਉਹ ਆਪਣੇ ਸਹੁਰੇ ਘਰ ਜਾ ਕੇ ਇਹ ਨਾ ਅਖਵਾਉਣ ਕਿ ਕੁੜੀ ਨੂੰ ਕੁੱਝ ਨਹੀਂ ਆਉਂਦਾ।

ਰੋਟੀ ਟੁੱਕ ਦੇ ਨਾਲ ਮਾਵਾਂ ਆਪਣੀਆਂ ਧੀਆਂ ਨੂੰ,ਸਿਲਾਈ,ਕਢਾਈ ਤੇ ਦਰੀਆਂ ਬੁਣਨੀਆਂ ਵੀ ਜਰੂਰ ਸਿਖਾਉਂਦੀਆਂ ਸਨ ਤਾਂ ਜੋ ਸਹੁਰੇ ਘਰ ਉਹਦਾ ਮਾਣ ਇੱਜਤ ਹੋਵੇ ।ਦਰੀ ਬੁਣਨਾ ਦੋ ਜਣੀਆਂ ਦਾ ਕੰਮ ਆ ਜਿਵੇਂ ਮਾਂਵਾਂ ਧੀਆਂ ,ਦੋ ਭੈਣਾਂ ,ਸਹੇਲੀਆਂ ਤੇ ਨਣਦ ਭਰਜਾਈ। ਦਰੀ ਦਾ ਤਾਣਾ ਤਣਿਆ ਜਾਂਦਾ ,ਢਿੱਲ ਵੇਖੀ ਜਾਂਦੀ ,ਤਾਣਾ ਤਣ ਕੇ ਘੋੜੀ ਦੇ ਨਾਲ ਕੁੰਡੀਆਂ ਪਾਈਆਂ ਜਾਂਦੀਆਂ ਜਿਥੋਂ ਦਮ ਸਿੱਟਿਆ ਜਾਂਦਾ। ਪੰਜਿਆਂ ਨਾਲ ਦਰੀ ਠੋਕ ਠੋਕ ਕੇ ਬੁਣੀ ਜਾਂਦੀ। ਥੋੜੀ ਜਿਹੀ ਬੁਣਨ ਤੋਂ ਬਾਅਦ ਪਣਖ ਲਗਾ ਦਿੱਤੀ ਜਾਂਦੀ ਤਾਂ ਜੋ ਦਰੀ ਵਿੱਚ ਕਾਣ ਨਾ ਪਵੇ। ਪਣਖ ਆਲੇ ਦੁਆਲੇ ਤੋਂ ਪਤਲੀ ਹੁੰਦੀ ਤੇ ਵਿਚਕਾਰੋਂ ਮੋਟੀ,ਪਣਖ ਦੀਆਂ ਆਲੇ ਦੁਆਲੇ ਦੀਆਂ ਫੱਟੀਆਂ ਚ ਕਿੱਲ ਜਾ ਮੇਖਾਂ ਲੱਗੀਆਂ ਹੁੰਦੀਆਂ ਜੋ ਦਰੀ ਚ ਫਸਾ ਦਿਤੇ ਜਾਂਦੇ । ਦਰੀ ਦੀ ਕੰਨੀ ਲਈ ਸ਼ਪੈਸ਼ਲ ਅਲੱਗ ਗੁੱਟੀਆਂ ਲਾਈਆਂ ਜਾਂਦੀਆਂ ਤਾਂ ਜੋ ਦਰੀ ਕੰਨੀ ਤੋਂ ਪਤਲੀ ਨਾ ਰਹਿ ਜਾਵੇ।ਦਰੀ ਬੁਣਨ ਲਈ ਫੱਟੇ ਦੀ ਲੋੜ ਵੀ ਪੈਂਦੀ ਕਿਉਂਕਿ ਦਰੀ ਫੱਟੇ ਤੇ ਬੈਠ ਕੇ ਹੀ ਬੁਣੀ ਜਾ ਸਕਦੀ ਹੈ।ਨਾਲੋ ਨਾਲ ਮੋਟੇ ਕੱਪੜੇ ਨਾਲ ਜਿੰਨੀ ਕੁ ਦਰੀ ਬੁਣ ਹੁੰਦੀ ਉਹ ਮੈਲੀ ਹੋਣ ਤੋਂ ਢੱਕ ਦਿੱਤੀ ਜਾਂਦੀ ਸੀ। ਦਰੀਆਂ ਰੰਗ ਬਰੰਗੇ ਸੂਤ ਦੀਆਂ ਬੁਣੀਆਂ ਜਾਂਦੀਆਂ । ਦਰੀਆਂ ਚ ਤਰਾਂ ਤਰਾਂ ਦੇ ਨਮੂਨੇ ( ਡੀਜ਼ਾਈਨ) ਪਾਏ ਜਾਂਦੇ ਜਿਵੇਂ ਵੇਲਾਂ,ਤੋਤੇ ,ਚਿੜੀਆਂ ,ਮੋਰ ਗੱਲ ਕੀ ਪੂਰੀਆਂ ਰੀਝਾਂ ਲਾ ਦਿੱਤੀਆਂ ਜਾਂਦੀਆਂ ਜੇ ਕੋਈ ਪਿੰਡ ਚੋਂ ਹੋਰ ਬੀਬੀ ਭੈਣ ਨਮੂਨਾ ਮੰਗਣ ਆਉਂਦੀ ਕਈ ਵਾਰ ਜਵਾਬ ਦੇ ਦਿੱਤਾ ਜਾਂਦਾ ਕਿ ਕਿਤੇ ਮੇਰਾ ਨਮੂਨਾ ਪੁਰਾਣਾ ਨਾ ਹੋ ਜਾਵੇ,ਆਪਸ ਵਿੱਚ ਗੁੱਸੇ ਗਿਲੇ ਵੀ ਹੋ ਜਾਂਦੇ।

ਘਰ ਦੀ ਬਜੁਰਗ ਬੇਬੇ ਗੁੱਟੀਆਂ ਦਾ ਕੰਮ ਕਰ ਦਿੰਦੀ।ਦਰੀਆਂ ਕੁੜੀ ਦੇ ਦਾਜ ਵਿੱਚ ਦਿੱਤੀਆਂ ਜਾਂਦੀਆਂ ,ਜਿਵੇਂ ਪੰਜ ਬਿਸਤਰੇ ਦੇਣੇ ਤਾਂ ਪੰਜ ਦਰੀਆਂ ਜੇ ਸੱਤ ,ਨੌਂ ਤਾਂ ਓਨੀਆਂ ਹੀ ਦਰੀਆਂ ਦਿੱਤੀਆਂ ਜਾਂਦੀਆਂ। ਇਸ ਤਰਾਂ ਘਰ ਦਰੀਆਂ ਬੁਣ ਕੇ ਘਰ ਦੀ ਧੀ ਦਾ ਦਾਜ ਤਿਆਰ ਕੀਤਾ ਜਾਂਦਾ।ਜਦੋਂ ਦਰੀ ਅਖੀਰ ਤੇ ਜਾਂਦੀ ਓਦੋਂ ਮਸਾਂ ਬੁਣ ਹੁੰਦੀ ,ਤਾਣੇ ਚ ਕਸਾ ਵੱਧ ਜਾਂਦਾ ਸੀ ਤੇ ਹੱਥ ਉਧੜ ਜਾਂਦੇ ਸੀ। ਜਿਉਂ ਜਿਉਂ ਬੁਣੀ ਦਰੀ ਅੱਗੇ ਵਧਦੀ ਜਾਂਦੀ ਬੁਣਨ ਵਾਲੀਆਂ ਬੀਬੀਆਂ ਦਾ ਚਾਅ ਨਹੀਂ ਸੀ ਚੱਕਿਆ ਜਾਂਦਾ। ਸੋਚਣ ਵਾਲੀ ਗੱਲ ਆ ਕਿ ਧੰਨ ਸਾਡੀਆਂ ਮਾਤਾਵਾਂ ਘਰ ਦੇ ਸਾਰੇ ਕੰਮ ਆਪ ਕਰਨੇ,ਖੇਤ ਰੋਟੀ ਵੀ ਦੇਣੀ ,ਡੰਗਰ,ਪਸ਼ੂ ਵੀ ਸਾਂਭਣਾ ,ਚੌਂਕ ਚੁਲਾ ਤਾਂ ਕਰਨਾ ਈ ਹੁੰਦਾ ਸੀ ਪਰ ਫੇਰ ਵੀ ਦਰੀ ਬੁਣਨ ਨੂੰ ਝੁੱਟੀ ਲਾ ਦਿੰਦੀਆਂ। ਦਰੀ ਬੁਣਦੀਆਂ ਕਦੇ ਗੀਤ ਵੀ ਛੋਹ ਲੈਂਦੀਆਂ * ਜੀ ਵੇ ਸੋਹਣਿਆ ਜੀਅ ਵੇ ,ਜੇ ਤੂੰ ਫੁੱਲ ਗੁਲਾਬ ਦਾ ਮੈਂ ਚੰਬੇ ਦੀ ਕਲੀ ਵੇ। ਜੀ ਵੇ ਸੋਹਣਿਆ ਜੀ ਵੇ,ਜੇ ਤੂੰ ਪਲੰਘ ਨਵਾਰ ਦਾ ਮੈਂ ਰੇਸ਼ਮ ਦੀ ਦਰੀ ਵੇ**ਦਰੀ ਬੁਣਨ ਤੋਂ ਬਾਅਦ, ਦਰੀ ਦੇ ਜੋ ਦੋਹੀਂ ਲੰਬਾਈ ਵਾਲੇ ਪਾਸੇ ਧਾਗੇ ( ਬੰਬਲ) ਲਮਕਦੇ
ਉਹਨਾਂ ਵਿੱਚ ਜਾਲੀ ਪਾਈ ਜਾਂਦੀ ,ਜਿਸ ਨਾਲ ਦਰੀ ਦੀ ਸ਼ੋਭਾ ਹੋਰ ਵੱਧ ਜਾਂਦੀ।ਘਰ ਆਏ ਪ੍ਰਾਹਣੇ ਲਈ ਮੰਜੇ ਤੇ ਨਵੀਂ ਦਰੀ ਵਿਛਾਉਣ ਦਾ ਵੀ ਰਿਵਾਜ ਸੀ।ਅਫਸੋਸ ਇਹ ਦਰੀ ਬੁਣਨ ਦੀ ਕਲਾ ਵਿਸਰਦੀ ਜਾ ਰਹੀ ਹੈ ਪਰ ਸਾਡਾ ਸਭ ਦਾ ਫਰਜ਼ ਹੈ ਆਓ ਆਪਾਂ ਆਪਣੇ ਵਿਰਸੇ ਨੂੰ ਬਚਾਈਏ।

ਜਤਿੰਦਰ ਕੌਰ ਬੁਆਲ ਸਮਰਾਲਾ
9814882840

pr-admin

Leave a Reply

Your email address will not be published. Required fields are marked *

Back to top