About Me

ਰੱਬ ਅਤੇ ਮੇਰੇ ਮਾਪਿਆਂ ਸ. ਅਜਮੇਰ ਸਿੰਘ ਬੁਆਲ ਅਤੇ ਭਗਵੰਤ ਕੌਰ ਬੁਆਲ ਦੀਆਂ ਅਸੀਸਾਂ ਨਾਲ
ਰੱਬ ਅਤੇ ਮੇਰੇ ਮਾਪਿਆਂ ਸ. ਅਜਮੇਰ ਸਿੰਘ ਬੁਆਲ ਅਤੇ ਭਗਵੰਤ ਕੌਰ ਬੁਆਲ ਦੀਆਂ ਅਸੀਸਾਂ ਨਾਲ

ਜਿੰਦਗੀ ਪਤਾ ਨਹੀਂ ਕਦੋਂ ਕਿੱਥੇ ਤੇ ਕਿਹੋ ਜਿਹਾ ਮੋੜ ਲੈ ਲੈਂਦੀ ਆ।ਮੇਰੀ ਪਰਵਰਿਸ਼ ਵੀ ਮੇਰੇ ਮਾਂ ਪਿਓ ਨੇ ਰੀਝਾਂ ਨਾਲ ਕੀਤੀ, ਤਾਲੀਮ ਵੀ ਦਿਵਾਈ ਪਰ ਕਹਿੰਦੇ ਹੁੰਦੇ ਨੇ ਕਿ ਕਿਸਮਤ ਲੇਖ ਮਾਂ ਪਿਓ ਨਹੀਂ ਲਾ ਸਕਦੇ।ਇਕ ਕੁੱਖ ਤੋਂ ਜਨਮ ਲੈ ਕੇ ਭੈਣ ਭਰਾਵਾਂ ਦੀ ਕਿਸਮਤ ਵੱਖਰੀ ਵੱਖਰੀ ਹੁੰਦੀ ਆ।ਮੇਰੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਦੀ ਹੈ,1992 ਚ ਬਤੌਰ ਪੰਜਾਬੀ ਅਧਿਆਪਕਾ ਨੈਸ਼ਨਲ ਪਬਲਿਕ ਹਾਈ ਸਕੂਲ ਚ ਪੜਾਉਣਾ ਸ਼ੁਰੂ ਕੀਤਾ । 1995 ਚ ਕਿਸਮਤ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੈ ਲੈ ਗਈ ਬੜਾ ਸੋਹਣਾ ਸਮਾ ਲੰਘ ਰਿਹਾ ਸੀ ਕਿ ਅਚਾਨਕ ਜਿੰਦਗੀ ਨੇ ਫੇਰ ਕਰਵਟ ਲਈ, ਸਰੀਰਕ ਦੁੱਖ, ਇਕ ਸਰਜਰੀ, ਮਗਰੇ ਫੇਰ ਦੋ, ਫੇਰ ਇਕ, ਜਿਉਣਾ ਈ ਭੁੱਲ ਗਈ ਪਰ ਮਾਲਕ ਦਾ ਸ਼ੁਕਰ ਉਹਨੇ ਜਿੰਦਗੀ ਬਖਸ਼ ਦਿਤੀ। ਜਿਉਣ ਨੂੰ ਮਨ ਨਹੀਂ ਸੀ ਕਰਦਾ ,ਟੁੱਟ ਗਈ ਸੀ,ਬੁਰੀ ਤਰ੍ਹਾਂ ਪਰ ਮਾਂ ਬਾਪ, ਭੈਣ ਭਰਾ,ਸਾਕ ਸਬੰਧੀਆਂ ਨੇ ਸਮਝਾਇਆ, ਸਕੂਲ ਜੁਆਇਨ ਕਰ ਲਿਆ, ਜਿੰਦਗੀ ਸਹਿਜੇ ਸਹਿਜੇ ਤੁਰ ਪਈ। ਬੜੀ ਸੋਹਣੀ ਲੰਘ ਰਹੀ ਸੀ ਅਚਾਨਕ ਮੋੜ ਫੇਰ ਆਇਆ, ਅਮਰੀਕਾ ਪਹੁੰਚ ਗਈ, ਬੜਾ ਚਾਅ ਸੀ ਪਰ ਉੱਥੇ ਰੁਝੇਵਿਆਂ ਭਰੀ ਜ਼ਿੰਦਗੀ, ਡਾਲਰਾਂ ਵਾਲੀ ਜਿੰਦਗੀ, ਸਹਿਯੋਗ ਤੇ ਪਿਆਰ ਤੋਂ ਸੱਖਣੀ, ਵਿਹੂਣੀ। ਉਥੇ ਵੀ ਧੱਕੇ ਖਾਧੇ, 2016 ਚ ਵਤਨ ਗੇੜਾ ਮਾਰਿਆ ਵਾਪਸ ਜਾਣ ਨੂੰ ਦਿਲ ਨਾ ਕਰੇ, ਜਾਣਾ ਪਿਆ ਚਲੀ ਗਈ, ਫੈਕਟਰੀ ਚ ਨੌਕਰੀ ਕੀਤੀ ਸਿਹਤ ਕਰਕੇ ਹੁੰਦੀ ਨਹੀਂ ਸੀ, ਝੁਕਣਾ ਔਖਾ ਸੀ ਪਰ ਕੀ ਕਰਦੀ??

ਜਨਵਰੀ 2018 ਚ ਫੇਰ ਸਰਜਮੀਨ ਤੇ ਆ ਗਈ ਢਾਈ ਮਹੀਨੇ ਵਧੀਆ ਕੱਟੇ, 21 ਮਾਰਚ 2018 ਨੂੰ ਜਦੋਂ ਦਿੱਲੀ ਤੋਂ ਜਹਾਜ਼ ਚੜੀ ਤਾਂ ਭੁੱਬਾਂ ਨਿਕਲ ਗਈਆਂ।ਸਾਰੇ ਰਾਹ ਇਹੀ ਸੋਚਦੀ ਗਈ ਕਿ ਜਿਸ ਖੂਹ ਚੋਂ ਨਿਕਲ ਕੇ ਆਈ ਸੀ, ਉਥੇ ਈ ਫੇਰ ਚੱਲੀ ਏਂ? ਵਾਪਸ ਜਾ ਕੇ ਵੇਖਿਆ ਢਾਈ ਮਹੀਨੇ ਚ ਸਭ ਕੁੱਝ ਬਦਲ ਗਿਆ ਸੀ। ਬਸ ਫੇਰ ਵਾਪਸ ਆਉਣ ਦਾ ਮਨ ਬਣਾ ਲਿਆ ਤੇ ਜੂਨ 2018 ਚ ਵਾਪਸ ਮੁੜ ਆਈ,ਕਿਸੇ ਨੇ ਕਿਹਾ ਭੁੱਖੀ ਮਰੇਂਗੀ,ਪਛਤਾਏਂਗੀ , ਮੈਂ ਕਿਹਾ ਜੋ ਮੇਰੀ ਕਿਸਮਤ ਚ ਹੋਵੇਗਾ ਵੇਖੀ ਜਾਊ। ਜੀਰੋ ਤੋਂ ਸਟਾਰਟ ਕੀਤਾ, ਸੇਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਵਿਖੇ ਬਤੌਰ ਪੰਜਾਬੀ ਅਧਿਆਪਕਾ ਨੌਕਰੀ ਸ਼ੁਰੂ ਕਰ ਲਈ ਪਰ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਸਦਕਾ ਖੁਸ਼ ਹਾਂ।

ਮੈਂ ਅੰਦਰੋਂ ਅੰਦਰੀ ਟੁੱਟ ਚੁੱਕੀ ਸੀ ਪਰ ਮੇਰੇ ਵੀਰ ਹਰਭਜਨ ਮਾਨ, ਵੀਰ ਐਸ ਅਸ਼ੋਕ ਭੌਰਾ, ਵੀਰ ਜੀ ਸਤਿੰਦਰਪਾਲ ਪਾਲ ਸਿੱਧਵਾਂ ਬਹੁਤ ਹੌਸਲਾ ਦਿੱਤਾ ਬਈ ਘਬਰਾਉਣਾ ਨਹੀਂ, ਤਕੜੀ ਹੋ ਸਭ ਕੁੱਝ ਠੀਕ ਹੋਵਗਾ । ਮੈਂ ਇਹਨਾਂ ਦਾ ਕਰਜ਼ਾ ਸਾਰੀ ਉਮਰ ਨਹੀਂ ਮੋੜ ਸਕਦੀ। ਮੇਰੇ ਵੀਰ ਹਰਭਜਨ ਮਾਨ ਨੇ ਜੋ ਸਤਿਕਾਰ ਮੈਨੂੰ ਸਮਾਜ ਚ ਭੈਣ ਵਾਲਾ ਦਿਵਾਇਆ, ਮਨ ਭਾਵਕ ਹੋ ਉਠਦਾ ਸੋਚ ਕੇ। ਮੈਂ ਤਾਂ ਸਿਰਫ ਪੜਾਉਣਾ ਤੇ ਪੜਨਾ ਈ ਜਾਣਦੀ ਸੀ।

ਵੀਰ ਜੀ ਅਸ਼ੋਕ ਭੌਰਾ ਤੇ ਡਾਕਟਰ ਵਿਕਰਮ ਸਿੰਘ ਸੰਗਰੂਰ ਦੀਆਂ ਲਿਖਤਾਂ ਪੜ੍ਹ ਪੜ੍ਹ ਕੇ ਤੇ ਇਹਨਾਂ ਦੀ ਪ੍ਰੇਰਨਾ ਸਦਕਾ ਅੱਜ ਮੈਂ ਵੀ ਤੁੱਛ ਬੁਧੀ ਅਨੁਸਾਰ ਚਾਰ ਅੱਖਰ ਲਿਖ ਲੈਂਦੀ ਹਾਂ। ਲਿਖਣ ਲਈ ਵਿਕਰਮ ਨੇ ਬਹੁਤ ਪ੍ਰੇਰਰਿਤ ਕੀਤਾ।

ਭੈਣ ਜੀ ਸ਼ਿੰਦਰ ਬੁੱਟਰ ਜੋ ਕੇ ਵੀਰ ਹਰਭਜਨ ਮਾਨ ਤੇ ਮੇਰੇ ਵੱਡੇ ਭੈਣ ਜੀ ਹਨ ਉਹਨਾਂ ਵੱਲੋਂ ਬਹੁਤ ਸਤਿਕਾਰ ਮਿਲਿਆ।

ਮੇਰਾ ਵੀਰ ਹਰਭਜਨ ਮਾਨ ਤੇ ਭਾਬੀ ਹਰਮਨ ਮਾਨ ਜੀ ਮੇਰੇ ਲਈ ਬਹੁਤ ਵੱਡੇ ਪ੍ਰੇਰਨਾ ਸਰੋਤ ਹਨ। ਦੁਆਵਾਂ ਵੀਰੇ ਤੇਰਾ ਕਰਜਾ ਤਾਂ ਮੈਂ ਆਖਰੀ ਸਾਹ ਤੱਕ ਨਹੀਂ ਮੋੜ ਸਕਦੀ।ਮੇਰਾ ਛੋਟਾ ਵੀਰ ਮਨਪ੍ਰੀਤ ਟਿਵਾਣਾ ਜੀ ਦੀਆਂ ਲਿਖਤਾਂ ਤੋਂ ਮੈਨੂੰ ਇਕ ਸੇਧ ਤੇ ਹੌਸਲਾ ਮਿਲਿਆ।ਸਟਾਲਿਨਵੀਰ ਸਿੱਧੂ ਤੇ ਛੋਟੇ ਵੀਰ ਅਮਰਦੀਪ ਬੰਗਾ ਦਾ ਵੀ ਪੂਰਾ ਸਹਿਯੋਗ ਹੈ।

* ਅੱਜ ਜੋ ਮੈਂ ਆਪਣਾ ਬਲੌਗ * ਪੰਜਾਬੀ ਰੰਗ* ਸ਼ੁਰੂ ਕੀਤਾ ਹੈ, ਜਿਸ ਵਿੱਚ ਪੰਜਾਬੀ ਵਿਰਸੇ ਦੇ ਅਲੋਪ ਹੋ ਰਹੇ ਰੰਗਾਂ ਬਾਰੇ ਮੇਰੇ ਆਰਟੀਕਲ ਹੋਣਗੇ, ਉਹਨਾਂ ਬਾਬਤ ਦੱਸਿਆ ਜਾਵੇਗਾ ਜਿਵੇਂ ਕਿ ਥੋੜੇ ਦਿਨ ਪਹਿਲਾਂ ਤੁਸੀਂ ਮੇਰੇ ਇਕ ਆਰਟੀਕਲ * ਸੂਤ ਦਾ ਮੰਜਾ** ਨੂੰ ਸਤਿਕਾਰ ਦਿੱਤਾ ਹੈ, ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਮੈਨੂੰ ਏਦਾਂ ਈ ਸਹਿਯੋਗ ਦੇਵੋਗੇ।

** ਨਵੀਂ ਉਮੀਦ, ਜਿੰਦਗੀ ਜਿੰਦਾਬਾਦ

ਜਤਿੰਦਰ ਕੌਰ ਬੁਆਲ ਸਮਰਾਲਾ

Back to top